ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੁਹਾਡੇ ਵਲ ਨਾ ਦੇਖ ਸਕੀਆਂ।

ਤੁਹਾਡੇ ਚਿਹਰੇ ਤੇ ਪਿਆਰ ਦੀ ਖਿਚ ਨੇ ਮੈਨੂੰ ਮਿਕਨਾਤੀਸ ਦੀ ਤਰ੍ਹਾਂ ਤੁਹਾਡੀ ਵਲ ਖਿੱਚੀ ਰਖਿਆ। ਮੈਂ ਕਈ ਵਾਰ ਇਸ ਖਿੱਚ ਨੂੰ ਡੂੰਘੀ ਤਰ੍ਹਾਂ ਸੋਚਣ ਦੀ ਕੋਸ਼ਿਸ਼ ਕਰਦੀ ਰਹੀ, ਪਰ ਨਿਸਫਲ ... ...। ਤੁਸੀਂ ਆਪੇ ਹੀ ਸਵਾਲ ਕਰ ਕੇ ਆਪੇ ਹੀ ਜੁਆਬ ਦਈ ਗਏ। ਪਰ ਉਨ੍ਹਾਂ ਵਿਚੋਂ ਬਹੁਤੇ ਠੀਕ ਨਹੀਂ ਸਨ। ਮੇਰਾ ਜੀ ਕਰੇ, ਕਿ ਮੈਂ ਤੁਹਾਡੀਆਂ ਗੱਲਾਂ ਦਾ ਚੰਗੀ ਤਰ੍ਹਾਂ ਜੁਆਬ ਦਿਆਂ, ਪਰ ਜ਼ਬਾਨ ਤੇ ਜੰਦਰਾ ਵਜ ਗਿਆ ਸੀ।

ਦੇਵਿੰਦਰ ਜੀ, ਮੇਰਾ ਉਸ ਵੇਲੇ ਦਿਲ ਕਰਦਾ ਸੀ, ਕਿ ਮੈਂ ਤੁਹਾਨੂੰ ਆਪਣੀ ਰੂਹ ਦੀਆਂ ਡੂੰਘਾਈਆਂ ਵਿਚ ਸਮਾ ਲਵਾਂ। ਸੋਚ ਰਹੀ ਸਾਂ ਕਿ ਆਪਣੇ ਆਪ ਨੂੰ ਇਸ ਦੁਨੀਆ ਚੋਂ ਖਿਚ ਕੇ, ਤੁਹਾਨੂੰ ਫਰਿਸ਼ਤਿਆਂ ਵਾਂਗ ਪਿਆਰ ਕਰਾਂ, ਜਿਥੇ ਕੇਵਲ ਤੁਸੀ ਹੀ ਦਿਖਾਈ ਦੇਵੋ। ਆਲੇ ਦੁਆਲੇ ਹੋਰ ਕੋਈ ਚੀਜ਼ ਨਾ ਹੋਵੇ, ਜਿਹੜੀ ਮੇਰੀ ਤਵੱਜੋ ਖਿਚ ਸਕੇ। ਪਰ ਇਹ ਇਕ ਖ਼ਿਆਲ ਹੀ ਹੈ ਨਾ।ਤੁਸੀ ਇਕ ਸੋਹਣੇ ਨੌਜਵਾਨ ਲੜਕੇ ਹੋ, ਤੇ ਮੈਂ ਇਕ ਲੜਕੀ ਹਾਂ, ਦੋਹਾਂ ਦੀਆਂ ਖ਼ਾਸ ਹੱਦਾਂ ਹਨ। ਮੇਰੀ ਰੂਹ ਤੁਹਾਡੀ ਪੂਜਾ ਵਿਚ ਡੂੰਘੀ ਖੁਭੀ ਹੋਈ ਅਤਿ ਦਰਜੇ ਦਾ ਪਿਆਰ ਕਰਨ ਤੋਂ ਵਧੀਕ ਹੋਰ ਕੀ ਕਰ ਸਕਦੀ ਹੈ।

ਦੇਵਿੰਦਰ ਜੀ, ਤੁਹਾਨੂੰ ਦੇਖਣ ਤੋਂ ਮਗਰੋਂ ਮੇਰੇ ਪਿਆਰ ਦੀ ਅੱਗ ਹੋਰ ਵੀ ਤੇਜ਼ ਹੋ ਗਈ ਹੈ। ਮੇਰੇ ਜੀਵਨ ਵਿਚ ਕੁਝ ਤੜਪ ਜਿਹੀ ਉੱਠ ਪਈ ਹੈ, ਜਿਹੜੀ ਹੁਣ ਦਬਾਇਆਂ ਵੀ ਨਹੀਂ ਦਬ ਸਕੇਗੀ। ਮੈਨੂੰ ਇਹ ਦੁਨੀਆ ਹੁਣ ਕਿਸੇ ਸ੍ਵਰਗ ਤੋਂ ਘਟ ਨਹੀਂ ਲਗ ਰਹੀ, ਜਿਸ ਵਿਚ ਤੁਸੀ ਕੱਲੇ ਤੁਰ ਰਹੇ ਹੋ, ਤੇ ਜਿਥੇ ਮੈਂ ਬੱਚਿਆਂ ਦੀ ਤਰ੍ਹਾਂ ਤੁਹਾਡੇ ਪਿੱਛੇ ਤੁਹਾਨੂੰ ਫੜਨ ਲਈ ਦੌੜਦੀ ਹਾਂ, ਤਾਂ ਜੁ ਤੁਹਾਨੂੰ ਪੱਕੀ ਤਰ੍ਹਾਂ ਆਪਣਾ ਬਣਾ ਲਵਾਂ ਤੇ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਮੇਰੇ ਕੋਲੋਂ ਨਾ ਖੋਹ ਸਕੇ। ਬਹੁਤੀ ਵਾਰੀ ਮੈਂ ਉਕਾ ਹੀ ਭੁਲ ਜਾਂਦੀ ਹਾਂ, ਕਿ ਮੈਂ ਕੋਈ ਵਖਰੀ ਚੀਜ਼ ਹਾਂ। ਸਗੋਂ ਮੈਂ ਇਹ ਮਹਿਸੂਸ ਕਰ ਕੇ ਖੁਸ਼ ਹੁੰਦੀ ਹਾਂ, ਕਿ ਮੈਂ ਤੁਹਾਡੇ ਅੰਦਰ ਵੜ ਕੇ

੪੬