ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖ਼ਤ ਨੰ: ੨੨

ਮੇਰੇ ਜੀਵਣ ਦਾ ਸੁਹੱਪਣ, ਦੇਵਿੰਦਰ ਜੀ,

ਕਲ ਬਸੰਤ ਹੈ। ਤੁਹਾਨੂੰ ਪਤਾ ਹੈ ਨਾ? ਭਾਵੇਂ ਕਿਸ ਤਰ੍ਹਾਂ ਕਰੋ ਮੈਨੂੰ ਮੇਲੇ ਤੇ ਜ਼ਰੂਰ ਮਿਲਣਾ ਭਾਵੇਂ ਮੈਂ ਮੇਲਿਆਂ ਨੂੰ ਦਿਲੋਂ ਨਫ਼ਰਤ ਕਰਦੀ ਹਾਂ। ਪਰ ਕਲ੍ਹ ਉਥੇ ਕੇਵਲ ਤੁਹਾਨੂੰ ਦੇਖਣ ਜਾਵਾਂਗੀ। ਮੈਂ ਮੌਸਮ ਬਹਾਰ ਦਾ ਸਵਾਗਤ ਤੁਹਾਡੇ ਸੁੰਦਰ ਚਿਹਰੇ ਨੂੰ ਦੇਖ ਕੇ ਕਰਨਾ ਚਾਹੁੰਦੀ ਹਾਂ, ਤਾਂ ਜੋ ਸਾਰਾ ਸਾਲ ਮੌਸਮ ਬਹਾਰ ਦੀ ਤਰ੍ਹਾਂ ਬੀਤੇ। ਸੋ ਜ਼ਰੂਰ ਆਉਣਾ। ਉਹ ਜਾਣੇ ਜੇ ਬਾਕੀਆਂ ਦੇ ਨਾਲ ਹੋਣ ਕਰ ਕੇ ਤੁਸੀਂ ਨੇੜੇ ਆ ਸਕੇ, ਤਾਂ ਨਾ ਸਹੀ, ਮੈਂ ਦੂਰੋਂ ਹੀ ਦੇਖ ਕੇ ਆਪਣੀ ਸ਼ਰਧਾ ਦੇ ਫੁਲ ਚੜ੍ਹਾ ਦਿਆਂਗੀ। ਅਸੀ ਲਗ ਪਗ ਚਾਰ ਕੁ ਵਜੇ ਪੁਜ ਜਾਵਾਂਗੇ।

ਰਾਤੀ ਮੈਂ ਆਪਣੇ ਕਮਰੇ ਦੀ ਬਾਰੀ ਵਿਚੋਂ ਨੀਲੇ ਨੀਲੇ ਅਕਾਸ਼ ਵਿਚ ਤਾਰਿਆਂ ਦੇ ਸ਼ਾਨਦਾਰ ਨਜ਼ਾਰੇ ਨੂੰ ਵੇਖਦੀ ਰਹੀ। ਇਹ ਤਾਰੇ ਨੀਲੇ ਅਸਮਾਨ ਵਿਚ ਤੈਰਦੇ ਦਿਸਣ। ਸੱਚੀ ਬੜਾ ਸੁਆਦ ਆਇਆ। ਤੁਹਾਨੂੰ ਮੈਂ ਬੜਾ ਯਾਦ ਕੀਤਾ। ਮੇਰੀਆਂ ਅਖਾਂ ਇਸ ਯਾਦ ਦੀ ਖੁਸ਼ੀ ਨਾਲ ਡਲ੍ਹਕ ਉਠੀਆਂ। ਉਹ, ਮੋਤੀਆਂ ਨਾਲੋਂ ਵਧ ਕੀਮਤੀ, ਤਾਰਿਆਂ ਨਾਲੋਂ ਵਧ ਰੋਸ਼ਨ ਹੰਝੂ, ਜਿਹੜੇ ਤੁਹਾਡੇ ਪਿਆਰ ਵਿਚ ਭਰੇ ਹੋਏ ਮੇਰੀਆਂ ਅੱਖਾਂ ਦੇ ਪਿਛੇ ਛੁਪੇ ਹੋਏ ਸਨ, ਚੰਦ ਦੀ ਚਾਨਣੀ ਨੇ ਬਾਹਰ ਲੈ ਆਂਦੇ। ਇਕ ਭਬੂਕਾ ਜਿਹਾ ਮੇਰੇ ਸੀਨੇ ਚੋਂ ਉਠਿਆ ਤੋਂ ਹੌਲੀ ਹੌਲੀ ਭਾਪ ਦੀ ਸ਼ਕਲ ਵਿਚ ਅਖਾਂ ਦੇ ਡਲਕਦੇ ਪਾਣੀ ਨੂੰ ਜੋਸ਼ ਦੇ ਕੇ ਤੈਰਦੇ ਹੰਝੂਆਂ ਨੂੰ ਬਾਹਰ ਕਢ ਗਿਆ।

੬੬