ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਨੋਖੀ ਖ਼ੁਸ਼ੀ ਪੈਦਾ ਹੋ ਗਈ ਸੀ, ਜਿਸ ਦੀ ਸਮਝ ਉਨ੍ਹਾਂ ਨੂੰ ਹੀ ਆ ਸਕਦੀ ਹੈ,ਜਿਹੜੇ ਸਾਡੇ ਜਿੰਨਾ ਪਿਆਰ ਕਰਦੇ ਹੋਣ। ਇਹ ਸਭ ਕੁਝ ਬਹਿਸ਼ਤ ਤੋਂ ਘਟ ਨਹੀਂ ਸ। ਜਿਸ ਨੂੰ ਅਸੀ ਲੱਭਣ ਦੀ ਕੋਸ਼ਸ਼ ਕਰਦੇ ਰਹਿੰਦੇ ਹਾਂ।

ਦੇਵਿੰਦਰ ਜੀ, ਤੁਸੀ ਮੈਨੂੰ ਕਿੰਨੀਆਂ ਹੀ ਗਲਾਂ ਕਹਿ ਗਏ, ਪਰ ਮੈਨੂੰ ਤੇ ਤੁਹਾਡੇ ਪਿਆਰ ਦੀ ਏਨੀ ਖੁਮਾਰੀ ਚੜ੍ਹੀ ਹੋਈ ਸੀ ... ... ... ਜਿਸ ਕਰ ਕੇ ਕਈਆਂ ਗਲਾਂ ਦਾ ਪਤਾ ਹੀ ਨਾ ਲਗੇ। ਬੇਸ਼ਕ ਲਫ਼ਜ਼ ਸਾਫ਼ ਸਨ, ਜ਼ਬਾਨ ਮਿੱਠੀ ਸੀ, ਬੋਲੀ ਸੁੰਦਰ ਸੀ, ਲਫ਼ਜ਼ ਸੋਹਣੇ ਤੇ ਚੋਣਵੇਂ ਸਨ, ਕਈਆਂ ਗਲਾਂ ਦਾ ਮਤਲਬ ਬੜਾ ਡੂੰਘਾ ਸੀ ਤੇ ਕਿੱਨੇ ਹੀ ਇਕਰਾਰ ਤੁਸੀ ਮੇਰੇ ਨਾਲ ਕਰ ਗਏ ... ... ..., ਪਰ ਨਿਭਾ ਵੀ ਸਕੋਗੇ ਉਨ੍ਹਾਂ ਨੂੰ?

ਦੇਵਿੰਦਰ ਜੀ, ਜਦ ਮੈਂ ਤੁਹਾਡੇ ਹਥਾਂ ਦੀ ਦਿਤੀ ਹੋਈ ਕਿਤਾਬ "Temooral Power" ਚੁਕਦੀ ਹਾਂ, ਤਾਂ ਮੇਰੇ ਹਥਾਂ ਅਤੇ ਦਿਲ ਵਿਚ ਅਜੀਬ ਹਰਕਤ ਆ ਜਾਂਦੀ ਹੈ।

ਤੁਹਾਡੇ ਚਲੇ ਜਾਣ ਮਗਰੋਂ ਵੀ ਮੈਨੂੰ ਤੁਰਾਡੇ ਪਿਆਰ ਤੇ ਮਿਠੇ ਬੋਲ ਦੀ ਮਸਤੀ ਚੜ੍ਹੀ ਰਹੀ। ਮੰਜੇ ਤੇ ਲੇਟ ਗਈ, ਤੇ ਖਿਆਲ ਦੇ ਡੂੰਘੇ ਸਮੁੰਦਰ ਵਿਚ ਆਪਣੀ ਜ਼ਿੰਦਗੀ ਦੀ ਕਿਸ਼ਤੀ ਨੂੰ ਠੇਲ੍ਹ ਕੇ ਕਿਤੇ ਦੀ ਕਿਤੇ ਚਲੀ ਗਈ। ਹਾਂ, ਜਿਥੇ ਮੈਨੂੰ ਆਪਣੇ ਆਪ ਦੀ ਹੋਸ਼ ਨਾ ਰਹੀ। ਘੜੀ ਨੇ ਛੇ ਖੜਕਾਏ, ਤਾਂ ਤ੍ਰਬਕ ਕੇ ਉਠ ਬੈਠੀ, ਜਲਦੀ ਜਲਦੀ ਮੂੰਹ ਧੋਤਾ, ਵਾਲਾਂ ਤੇ ਬੁਰਸ਼ ਫੇਰਿਆ ਤੇ ਸ਼ਕੁੰਤਲਾ ਵਲ ਚਲੀ ਗਈ। ਉਸ ਨੇ ਵੀ ਅਜੀਬ ਤਰਾਂ ਹੀ ਗਲਾਂ ਕੀਤੀਆਂ। ਅਗੇ ਕਦੀ ਵੀਰ ਜੀ ਬਾਬਤ ਉਸ ਨੇ ਨਹੀਂ ਸੀ ਪੁਛਿਆ, ਪਰ ਅਜ ਗਲਾਂ ਗਲਾਂ ਵਿਚ ਬਹਾਨੇ ਸਿਰ ਉਨਾਂ ਦੀ ਬਾਬਤ ਉਹ ਪੁਛੇ। ਮੈਂ ਤਾੜ ਗਈ, ਮੈਂ ਵੀ ਬੜੀ ਹਲੀਮੀ ਤੇ ਪਿਆਰ ਨਾਲ ਉਨਾਂ ਦੀ ਬਾਬਤ ਦੱਸਾਂ, ਕਿਉਂਕਿ ਮੈਨੂੰ ਜੋ ਹੁਣ ਪਤਾ ਲਗ ਗਿਆ ਹੈ, ਕਿ ਪ੍ਰੇਮਕਾ ਨੂੰ ਆਪਣੇ ਪ੍ਰੀਤਮ ਬਾਬਤ ਗਲਾਂ ਸੁਣਨ ਦੀ ਕਿੰਨੀ ਕੁ ਰੀਝ ਤੇ ਚਾ ਹੁੰਦਾ ਹੈ।

੭੩