ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇਵਿੰਦਰ ਜੀ, ਜਿੰਨੇ ਅਹਿਸਾਨ ਤੁਸਾਂ ਆਪਣੀ ਮੁਹੱਬਤ ਦੇ ਮੇਰੇ ਤੇ ਕੀਤੇ ਨੇ, ਸਭ ਤੋਂ ਵਡਾ ਇਹ ਹੈ, ਕਿ ਜੇ ਮੈਂ ਕਿਸੇ ਕੋਲੋਂ ਆਪਣੀਆਂ ਬੁਰਾਈਆਂ ਤੇ ਕਮਜ਼ੋਰੀਆਂ ਦਾ ਜ਼ਿਕਰ ਸੁਣਨਾ ਚਾਹੁੰਦੀ ਹਾਂ, ਤਾਂ ਉਹ ਕੇਵਲ ਤੁਸੀ ਹੋ। ਹੁਣ ਤੇ ਤੁਸੀ ਮੇਰੇ ਔਗਣਾਂ ਨੂੰ ਵੀ ਜਾਣ ਗਏ ਹੋਵੋਗੇ। ਕੀ ਦਸ ਸਕੋਗੇ ਉਨ੍ਹਾਂ ਨੂੰ? ਅਸਲ ਵਿਚ ਮੈਂ ਤੁਹਾਡੇ ਲਈ ਚੰਗੀ ਤੋਂ ਚੰਗੀ ਬਣਨਾ ਚਾਹੁੰਦੀ ਹਾਂ, ਏਸੇ ਲਈ ਇਹ ਪੁਛ ਰਹੀ ਹਾਂ। ਬਹੁਤ ਸਾਰੀਆਂ ਕਮਜ਼ੋਰੀਆਂ ਤੇ ਊਣਤਾਈਆਂ ਤੁਹਾਡੇ ਪਿਆਰ ਦੀ ਛੁਹ ਨੇ ਹੀ ਭੋਰ ਦਿਤੀਆਂ ਨੇ। ਹੁਣ ਮੈਂ ਕਦੇ ਕਿਸੇ ਨਾਲ ਕੌੜਾ ਨਹੀਂ ਬੋਲਦੀ, ਕਿਸੇ ਦਾ ਦਿਲ ਨਹੀਂ ਦੁਖਾਂਦੀ, ਕਿਸੇ ਸਤੇ ਹੋਏ ਜਾਂ ਦੁਖੇ ਹੋਏ ਦਿਲ ਤੇ ਮਰ੍ਹਮ ਬਣ ਕੇ ਲੱਗ ਜਾਣਾ ਚਾਹੁੰਦੀ ਹਾਂ। ਕਿਸੇ ਦੀ ਸਹਾਇਤਾ ਕਰਨ ਵਿਚ ਖੁਸ਼ੀ ਮਹਿਸੂਸ ਕਰਦੀ ਹਾਂ। ਹਰ ਇਕ ਜੀਵ ਪਿਆਰਾ ਲਗਦਾ ਹੈ, ਹਰ ਇਕ ਦੇ ਦਿਲ ਅੰਦਰ ਵੜ ਕੇ ਪਿਆਰ ਦਾ ਛਟਾ ਦੇਣਾ ਚਾਹੁੰਦੀ ਹਾਂ - ਇਹ ਗੱਲਾਂ, ਮੇਰੇ ਦੇਵਿੰਦਰ, ਚੰਗੇ ਤੋਂ ਚੰਗਾ ਪ੍ਰੋਫੈਸਰ ਮੈਨੂੰ ਨਹੀਂ ਸੀ ਸਿਖਾ ਸਕਦਾ। ਅਨੇਕਾਂ ਕਿਤਾਬਾਂ ਪੜ੍ਹਨ ਤੇ ਵੀ ਇਹ ਨਾ ਸਿਖ ਸਕਦੀ। ਉੱਚ ਦਰਜੇ ਦੀ ਸੋਹਬਤ ਵੀ ਏਸ ਦਰਜੇ ਤੇ ਮੈਨੂੰ ਨਾ ਪੁਚਾ ਸਕਦੀ।

ਜੀ ਕਰਦਾ ਹੈ; ਤੁਹਾਡੀਆਂ ਸਾਰੀਆਂ ਗੱਲਾਂ ਦਾ ਜੁਆਬ ਲਿਖ ਕੇ ਦਿਆਂ, ਜਿਹੜੀਆਂ ਤੁਸੀ ਮੇਰੇ ਨਾਲ ਕਰ ਗਏ ਹੋ, ਤੇ ਜਿਨ੍ਹਾਂ ਦਾ ਜੁਆਬ ਮੇਰੇ ਕੋਲੋਂ ਉਸ ਵੇਲੇ ਨਹੀਂ ਦਿਤਾ ਗਿਆ। ਪਰ ਸੋਚਦੀ ਹਾਂ, "ਡੂੰਘੀ ਨਦੀ ਵਾਂਗ ਜਿਥੇ ਪਿਆਰ ਹੋਵੇ ਉਥੇ ਬਹੁਤੀਆਂ ਗਲਾਂ ਨਹੀਂ ਹੋ ਸਕਦੀਆਂ।"

ਰਾਤ ਦੇ ੧੧ ਵਜਣ ਲਗੇ ਨੇ,ਸਵੇਰੇ ਜਲਦੀ ਉਠ ਕੇ ਕਾਲਜ ਦਾ ਕੰਮ ਵੀ ਕਰਨਾ ਹੈ। ਇਸ ਲਈ ਮਿਠੇ ਸੁਪਨੇ ਭੇਜਦੀ ਹੋਈ।

ਮੈਂ ਹਾਂ,

ਤੁਹਾਡੀ ਬਣ ਚੁਕੀ ਪ੍ਰੀਤਮਾ........

੭੩