ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰੀਦੀ। ਇਸ ਵੇਲੇ ਉਨ੍ਹਾਂ ਕੋਲ ਕਿਸ ਤਰ੍ਹਾਂ ਜਾ ਸਕੇਂਗਾ - ਸੌਂ ਜਾ ਮੇਰੇ ਰਾਣੇ, ਸੌਂ ਜਾ। ਮੈਂ ਉਨ੍ਹਾਂ ਨੂੰ ਸਵੇਰੇ ਹੀ ਲਿਖ ਦਿਆਂਗੀ, ਕਿ ਹੁਣ ਜਲਦੀ ਜਲਦੀ ਮਿਲਿਆ ਕਰੋ। ਉਹ ਮੇਰਾ ਆਖਾ ਨਹੀਂ ਮੋੜਨਗੇ। ਬੜੇ ਬੀਬੇ ਨੇ, ਬੜੇ ਚੰਗੇ ਨੇ - ਸੌਂ ਜਾ, ਮੇਰੇ ਬੀਬੇ ਰਾਣੇ, ਸੌਂ ਜਾ!" ਭਈ, ਹਸਣਾ ਨਾ।

ਅਛਾ! ਇਕ ਗੱਲ ਦਸੋਗੇ? ਤੁਹਾਨੂੰ ਯਾਦ ਹੈ, ਸਾਡਾ ਪਿਆਰ ਕਦੋਂ ਪ੍ਰਫੁਲਤ ਹੋਣਾ ਸ਼ੁਰੂ ਹੋਇਆ ਸੀ? ਭਲਾ ਕਿਹੜੀ ਗੱਲ ਸੀ ਜਿਸ ਨਾਲ ਅਸੀ ਇਕ ਦੂਜੇ ਦੇ ਸਾਂਝੀਵਾਲ ਹੋ ਗਏ ਸਾਂ? ਮੈਨੂੰ ਤੇ ਕਿਸੇ ਖ਼ਾਸ ਗੱਲ ਦਾ ਪਤਾ ਨਹੀਂ ਲਗ ਰਿਹਾ। ਸਾਡੇ ਜੀਵਨ ਵਾਂਗ, ਪਿਆਰ ਦਾ ਵੀ ਸ਼ੁਰੂ ਹੋਣਾ ਇਕ ਭੇਦ ਹੈ। ਇਸ ਦੀ ਬਨਾਵਟ ਵਿਚ ਵੀ ਕੋਈ ਜਾਦੁ ਜਾਪਦਾ ਹੈ। ਜ਼ਿੰਦਗੀ ਕਈਆਂ ਉਤਰਾਵਾਂ - ਚੜ੍ਹਾਵਾਂ ਨਾਲ ਕਿਸੇ ਅੰਤ ਤਕ ਪੁਜ ਜਾਂਦੀ ਹੈ ਪਰ ਪਿਆਰ ... ... ਇਸ ਜ਼ਿੰਦਗੀ ਦੀ ਰੂਹ ਹੈ। ਮੈਨੂੰ ਕਦੀ ਅਫ਼ਸੋਸ ਨਹੀਂ ਆਏਗਾ ਕਿ ਮੈਂ ਆਪਣੀ ਸਾਰੀ ਜ਼ਿੰਦਗੀ, ਸਾਰੀ ਖ਼ੁਸ਼ੀ, ਸਾਰਾ ਆਰਾਮ, ਸਾਰੇ ਸੁਖ ਪਿਆਰ ਦੇ ਮੂੰਹ ਵਿਚ ਪਾ ਦਿੱਤੇ ਹਨ।

ਪ੍ਰੇਮੀ ਤੇ ਪ੍ਰੇਮਿਕਾ ਇਕ ਦੂਜੇ ਨੂੰ ਪਿਆਰ ਕਰਦੇ ਕਦੀ ਨਹੀਂ ਰਜ ਸਕਦੇ। ਪਿਆਰ ਆਪਣੇ ਆਪ ਵਿਚ ਵਡਾ ਹੁੰਦਾ ਜਾਂਦਾ ਹੈ। ਪਰ ਜੇ ਇਸ ਦਾ ਸਵਾਗਤ ਨਿਘੇ ਦਿਲ ਨਾਲ ਨਾ ਕੀਤਾ ਜਾਏ ਤਾਂ ਇਹ ਪੂਰਨ-ਮਾਸ਼ੀ ਦੇ ਚੰਦ ਵਾਂਗ ਘਟਣਾ ਸੁਰੂ ਹੋ ਜਾਂਦਾ ਹੈ ਨਾ!

ਪਰਸੋਂ ਤੁਹਾਡੇ ਤੇ ਮੇਰੇ ਪਿਆਰ ਦਾ ਕਿੰਨਾਂ ਸੋਹਣਾ ਡਰਾਮਾ ਹੋ ਰਿਹਾ ਸੀ। ਵਡੇ ਵਡੇ ਲਿਖਾਰੀਆਂ ਦੇ ਡਰਾਮੇ ਉਸ ਅਗੇ ਮਾਤ ਪੈ ਗਏ ਸਨ। ਮੈਂ ਹੈਰਾਨ ਹਾਂ ਉਸ ਵਲਵਲਿਆਂ ਦੀ ਤਾਕਤ ਤੇ, ਜਿਹੜੇ ਸਾਨੂੰ ਇਸ ਦੁਨੀਆ ਨੂੰ ਭੁਲਾ ਕੇ ਕਿਸੇ ਨਵੀਂ ਦੁਨੀਆ ਵਿਚ ਉਠਾ ਲੈ ਜਾਂਦੇ ਸਨ। ਮੈਂ ਸੋਚਦੀ ਹਾਂ ਕਿ ਕੀ ਜ਼ਿੰਦਗੀ ਪਿਆਰ ਵਿਚੋਂ ਬਣੀ ਹੈ, ਜਾਂ ਪਿਆਰ ਜ਼ਿੰਦਗੀ ਵਿਚੋਂ। ਮੇਰਾ ਤੇ ਖ਼ਿਆਲ ਹੈ ਦੋਵੇਂ ਇਕ ਦੂਜੇ ਚੋਂ,

੭੬