ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰਾਪਤ ਕਰਨ ਦੀ ਪ੍ਰਵਿਰਤੀ ਹੈ ਅਤੇ ਕੁਝ ਵਿਚ ਦੂਰ-ਦੂਰ ਤੱਕ ਖਿੰਡ ਪੁੰਡ ਕੇ। ਪਹਿਲੀ ਹਾਲਤ ਵਿਚ ਨਰ ਦਾ ਵਧੇਰੇ ਮਾਦਾਵਾਂ ਨਾਲ ਸਬੰਧ ਬਣਦਾ ਹੈ ਅਤੇ ਦੂਜੀ ਹਾਲਤ ਵਿਚ ਇਕਾ-ਦੁੱਕਾ ਮਾਦਾਵਾਂ ਹੀ ਉਸ ਦੀ ਸੁਰੱਖਿਆ ਦੇ ਘੇਰੇ ਵਿਚ ਆਉਂਦੀਆਂ ਹਨ। (ਆਦਮੀਆਂ ਦੇ ਹਰਮ ਵੀ ਇਸੇ ਨਿਯਮ ਦੇ ਆਧਾਰ 'ਤੇ ਬਣਦੇ ਹਨ ਕਿ ਉਹ ਕਿੰਨੀਆਂ ਕੁ ਔਰਤਾਂ ਨੂੰ ਆਰਥਿਕ ਅਤੇ ਸਮਾਜਿਕ ਸੁਰੱਖਿਆ ਦੇਣ ਦੇ ਸਾਧਨ ਰਖਦਾ ਹੈ।)

ਸਮਾਜੀਕਰਨ ਦਾ ਅਮਲ

ਜਾਨਵਰਾਂ ਦੀ ਗੱਲ ਛੱਡਦੇ ਹੋਏ ਹੁਣ ਅਸੀਂ ਮਨੁੱਖੀ ਸਮਾਜ ਵੱਲ ਮੁੜਦੇ ਹਾਂ ਕਿਉਂਕਿ ਬਿਨਾਂ ਸ਼ੱਕ ਆਧੁਨਿਕ ਮਨੁੱਖ ਇਕ ਸਮਾਜਿਕ ਜੀਵ ਹੈ। ਉਸਦੇ ਸਮਾਜੀਕਰਨ ਦੇ ਅਮਲ ਵਿਚ ਬਹੁਤ ਸਾਰੀਆਂ ਜੀਵ-ਵਿਗਿਆਨਕ ਪ੍ਰਵਿਰਤੀਆਂ ਨੂੰ ਦਬਾ ਦਿੱਤਾ ਗਿਆ ਹੈ। ਔਰਤ ਮਰਦ ਸਬੰਧਾਂ ਦਾ ਮਾਮਲਾ ਵੀ ਕੁਝ ਇਹੋ ਜਿਹਾ ਹੈ ਜਿੱਥੇ ਕਾਮ ਨੂੰ ਸਮਾਜ ਦੀਆਂ ਲੋੜਾਂ ਲਈ ਬਣਾਏ ਰਾਹਾਂ ਵਿਚੋਂ ਲੰਘਾਉਣ ਲਈ ਸਦਾ ਹੀ ਕੋਸ਼ਿਸ਼ਾਂ ਚਲਦੀਆਂ ਰਹੀਆਂ ਹਨ।

ਇਥੇ ਸਭ ਤੋਂ ਪਹਿਲਾ ਸਵਾਲ ਖੜ੍ਹਾ ਹੁੰਦਾ ਹੈ ਕਿ ਸਮਾਜੀਕਰਨ ਦੇ ਅਮਲ ਵਿਚ ਇਕ ਨਰ-ਬਹੁ ਮਾਦਾ ਵਾਲੀ ਜੀਵ-ਵਿਗਿਆਨਕ ਪ੍ਰਵਿਰਤੀ 'ਤੇ ਰੋਕ ਕਿਉਂ ਲਗਾਉਣੀ ਪੈਂਦੀ ਹੈ? ਇੱਕ ਕਾਰਣ ਤਾਂ ਸਪਸ਼ਟ ਹੈ ਕਿ ਕੁਦਰਤ ਵਿੱਚ ਆਦਮੀ ਅਤੇ ਔਰਤਾਂ ਦੀ ਗਿਣਤੀ ਲਗਪੱਗ ਬਰਾਬਰ ਹੁੰਦੀ ਹੈ। ਜੇ ਇਕ ਆਦਮੀ ਵੱਧ ਔਰਤਾਂ ਰੱਖਦਾ ਹੈ ਤਾਂ ਨਿਸਚੇ ਹੀ ਕੁਝ ਹੋਰ ਨੂੰ ਇਸ ਤੋਂ ਵਾਂਝੇ ਰਹਿਣਾ ਪਵੇਗਾ ਅਤੇ ਵਾਂਝੇ ਆਦਮੀ ਦੂਸਰਿਆਂ ਖਿਲਾਫ ਲਗਾਤਾਰ ਸੰਘਰਸ਼ ਦੀ ਹਾਲਤ ਵਿਚ ਰਹਿਣਗੇ।

11