ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਡੇਰਿਆਂ 'ਤੇ ਵਧ ਰਹੀਆਂ ਭੀੜਾਂ ਦੇ ਕੁਝ ਕਾਰਣ

ਵਿਗਿਆਨਕ ਸੋਚ ਰੱਖਣ ਵਾਲੇ ਸੂਝਵਾਨ ਵਿਅਕਤੀਆਂ ਦੇ ਅੱਗੇ ਅਕਸਰ ਇਹ ਸਵਾਲ ਆ ਖੜ੍ਹਦਾ ਹੈ ਕਿ ਵਿਗਿਆਨ ਦੀ ਜ਼ਿੰਦਗੀ ਵਿੱਚ ਐਨੀ ਵਰਤੋਂ ਹੋਣ, ਪੜ੍ਹਾਈ ਲਿਖਾਈ ਅਤੇ ਦੁਨੀਆਂ ਨੂੰ ਜਾਨਣ ਸਮਝਣ ਦੇ ਮੌਕੇ ਕਈ ਗੁਣਾਂ ਵਧ ਜਾਣ ਅਤੇ ਤਰਕਸ਼ੀਲ ਸੋਸਾਇਟੀ ਵਰਗੀਆਂ ਜਥੇਬੰਦੀਆਂ ਦੇ ਸਰਗਰਮ ਯਤਨਾਂ ਦੇ ਬਾਵਜੂਦ ਡੇਰਿਆਂ ਅਤੇ ਧਾਰਮਿਕ ਸਥਾਨਾਂ ਉਪਰ ਭੀੜ ਘਟ ਕਿਉਂ ਨਹੀਂ ਰਹੀ ਹੈ ?

ਇਸ ਵਰਤਾਰੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਪਰ ਇਸਦੇ ਲਈ ਆਮ ਲੋਕਾਂ ਨੂੰ ਬੇਸਮਝ ਗਰਦਾਨ ਕੇ ਦੋਸ਼ ਦੇਈ ਜਾਣਾ ਠੀਕ ਨਹੀਂ। ਤਰਕਸ਼ੀਲ ਨਜ਼ਰੀਆ ਸਾਥੋਂ ਮੰਗ ਕਰਦਾ ਹੈ ਕਿ ਇਸ ਵਰਤਾਰੇ ਦੇ ਪਿੱਛੇ ਕੰਮ ਕਰ ਰਹੇ ਕਾਰਣਾਂ ਦਾ ਵਿਸ਼ਲੇਸ਼ਣ ਕੀਤਾ ਜਾਵੇ।

ਇਹ ਵਿਸ਼ਲੇਸਣ ਕਰਦੇ ਸਮੇਂ ਸਭ ਤੋਂ ਪਹਿਲੀ ਸਚਾਈ ਇਹ ਹੈ ਕਿ ਲੋਕਾਂ ਦੇ ਵਿਚਾਰ ਉਨ੍ਹਾਂ ਦੀਆਂ ਆਰਥਿਕ, ਸਮਾਜਿਕ, ਸਭਿਆਚਾਰਕ ਅਤੇ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਹੋਰ ਅਨੇਕਾਂ ਹਾਲਤਾਂ ਦਾ ਸਿੱਟਾ ਹੁੰਦੇ ਹਨ। ਅੱਜ ਸਾਡੇ ਸਮਾਜ ਵਿੱਚ ਬਹੁਤ ਕੁਝ ਅਜਿਹਾ ਵਾਪਰ ਰਿਹਾ ਹੈ ਜੋ ਵਿਅਕਤੀਆਂ ਦੇ ਵਿਚਾਰਾਂ ਨੂੰ ਉਸਾਰੂ ਪਾਸੇ ਵੱਲ ਲਿਜਾਣ ਦੀ ਥਾਂ ਢਾਹੂ ਪਾਸੇ ਵੱਲ ਲਿਜਾਂਦਾ ਹੈ। ਅਜਿਹੇ ਹਾਲਾਤ ਅਤੇ ਸ਼ਕਤੀਆਂ ਭਾਰੂ ਹਨ ਜੋ ਵਿਅਕਤੀ ਦੀ ਮਾਨਸਿਕਤਾ ਦੀ ਭੰਨ ਤੋੜ ਕਰਕੇ ਉਸਦਾ ਆਪਣੇ ਆਪ ਤੋਂ ਵਿਸ਼ਵਾਸ ਤੋੜਦੀਆਂ ਹਨ। ਇਸ ਲੇਖ ਵਿੱਚ ਅਜਿਹੇ ਕੁਝ ਕਾਰਣਾਂ ਦੀ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ ਕੀਤੀ ਗਈ ਹੈ।

105