ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਰਥਿਕ ਕਾਰਣ

ਕਿਸਾਨੀ ਦਾ ਸੰਕਟ

ਇਹ ਇੱਕ ਮੰਨੀ ਹੋਈ ਸਚਾਈ ਹੈ ਕਿ ਪੰਜਾਬ ਦੀ ਕਿਸਾਨੀ ਡੂੰਘੇ ਆਰਥਿਕ ਸੰਕਟ ਵਿੱਚ ਫਸੀ ਹੋਈ ਹੈ। ਇਸ ਸੰਕਟ ਨੇ ਕਿਸਾਨੀ ਦੇ ਕੰਮਜੋਰ ਹਿੱਸੇ ਨੂੰ ਮਾਨਸਿਕ ਤੌਰ ਤੇ ਤੋੜ ਦਿੱਤਾ ਹੈ। ਜਦ ਉਸਨੂੰ ਆਪਣੇ ਆਰਥਿਕ ਮਸਲਿਆਂ ਦਾ ਕੋਈ ਠੋਸ ਹੱਲ ਨਹੀਂ ਦਿਸਦਾ ਤਾਂ ਉਹ ਜਿੱਥੇ ਨਸ਼ੇ, ਖੁਦਕਸ਼ੀਆਂ ਜਾਂ ਅਜਿਹੀਆਂ ਹੋਰ ਗਲਤ ਰੁਚੀਆਂ ਦਾ ਸ਼ਿਕਾਰ ਹੁੰਦਾ ਹੈ ਉਥੇ ਇਸ ਕਿਸਾਨੀ ਦਾ ਇੱਕ ਹਿੱਸਾ ਅੱਕੀਂ ਪਲਾਹੀ ਹੱਥ ਮਾਰਦਾ ਹੋਇਆ ਡੇਰਿਆਂ ਅਤੇ ਸਾਧਾਂ ਚੇਲਿਆਂ ਦੇ ਜਾਲ ਵਿੱਚ ਫਸ ਜਾਂਦਾ ਹੈ। ਮਾੜੀ ਆਰਥਿਕਤਾ ਵਿਚੋਂ ਪੈਦਾ ਹੁੰਦੀਆਂ ਆਪਣੀਆਂ ਤਰ੍ਹਾਂ ਤਰ੍ਹਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਉਹ ਪੁੱਛਾਂ ਲੈਂਦਾ ਹੈ, ਸੁੱਖਾਂ ਸੁਖਦਾ ਹੈ, ਪੀਰਾਂ ਚੇਲਿਆਂ ਦੀਆਂ ਚੌਂਕੀਆਂ ਭਰਦਾ ਡੇਰਿਆਂ ਦੀ ਭੀੜ ਵਿੱਚ ਵਾਧਾ ਕਰਦਾ ਹੈ।

ਅੰਨੀ ਮੁਕਾਬਲੇਬਾਜੀ

ਜੇ ਪੰਜਾਬ ਦੀ ਮੁੱਖ ਪੈਦਾਵਾਰੀ ਜਮਾਤ ਕਿਸਾਨੀ ਦਾ ਹਾਲ ਮਾੜਾ ਹੈ ਤਾਂ ਇਸਦੇ ਨਾਲ ਹੀ ਸਾਡੇ ਸਮਾਜ ਦਾ ਦੂਸਰਾ ਮੁੱਖ ਆਰਥਿਕ ਵਰਗ ਦੁਕਾਨਦਾਰ/ਵਪਾਰੀ ਵੀ ਬੁਰੀ ਤਰ੍ਹਾਂ ਦੀ ਅਨਿਸਚਤਤਾ ਦਾ ਸ਼ਿਕਾਰ ਹੈ। ਅੰਨ੍ਹੀ ਮੁਕਾਬਲੇਬਾਜੀ ਦੇ ਵਰਤਾਰੇ ਨੇ ਖਾਸ ਕਰ ਨਵੀਆਂ ਆਰਥਿਕ ਨੀਤੀਆਂ ਨੇ ਸਥਾਪਿਤ ਕਾਰੋਬਾਰੀਆਂ ਦੇ ਪੈਰਾਂ ਹੇਠੋਂ ਵੀ ਜ਼ਮੀਨ ਖਿੱਚ ਲਈ ਹੈ। ਜਦ ਕਿਸੇ ਖੇਤਰ ਵਿੱਚ ਵਧੇਰੇ ਪੂੰਜੀ ਲਗਾਉਣ ਵਾਲਾ ਆ ਜਾਂਦਾ ਹੈ ਤਾਂ ਪਹਿਲਿਆਂ ਦਾ ਸਾਰਾ ਬਣਿਆ ਬਣਾਇਆ ਜੁਗਾੜ ਹਿੱਲ ਜਾਂਦਾ ਹੈ ਜਿਸ ਕਰਕੇ ਹਰ ਕਿਸੇ ਨੂੰ ਆਪਣੇ

106