ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਜਾਰਾਂ ਲੱਖਾਂ ਤਰ੍ਹਾਂ ਦੀਆਂ ਵਸਤੂਆਂ ਮਨ ਨੂੰ ਲੁਭਾਉਂਦੀਆਂ ਹਨ। ਪਰ ਜੋ ਆਰਥਿਕ ਪ੍ਰਬੰਧ ਚੱਲ ਰਿਹਾ ਹੈ ਇਸ ਵਿੱਚ ਵਸਤੂਆਂ ਨੂੰ ਮਨੁੱਖੀ ਲੋੜ ਨੂੰ ਧਿਆਨ ਵਿੱਚ ਰੱਖਕੇ ਪੈਦਾ ਕਰਨ ਦੀ ਥਾਂ ਮੁਨਾਫੇ ਨੂੰ ਮੁੱਖ ਰੱਖਕੇ ਤਿਆਰ ਕੀਤਾ ਜਾਂਦਾ ਹੈ। ਇਹਨਾਂ ਕਰਕੇ ਬਾਜ਼ਾਰ ਬਹੁਤ ਸਾਰੀਆਂ ਅਜਿਹੀਆਂ ਵਸਤੂਆਂ ਨਾਲ ਭਰੇ ਰਹਿੰਦੇ ਹਨ ਜੋ ਆਮ ਮਨੁੱਖ ਦੀਆਂ ਜਰੂਰਤਾਂ ਨਾਲ ਸਬੰਧਿਤ ਨਹੀਂ ਹੁੰਦੀਆਂ। ਪਰ ਇਹ ਆਰਥਿਕ ਪ੍ਰਬੰਧ ਚਲਦਾ ਤਾਂ ਹੀ ਰਹਿ ਸਕਦਾ ਹੈ ਜੇ ਇਹਨਾਂ ਬੇਲੋੜੀਆਂ ਵਸਤਾਂ ਦੀ ਵੀ ਵੱਡੇ ਪੱਧਰ ਤੇ ਖਪਤ ਹੁੰਦੀ ਰਹੇ। ਇਸਦੇ ਲਈ ਇਹ ਆਰਥਿਕ ਪ੍ਰਬੰਧ ਆਪਣੇ ਅਨੁਸਾਰੀ ਇੱਕ ਸਭਿਆਚਾਰ ਉਸਾਰਦਾ ਹੈ ਜਿਸਨੂੰ ਖਪਤ ਸਭਿਆਚਾਰ ਕਿਹਾ ਜਾਂਦਾ ਹੈ। ਇਸਦੇ ਲਈ ਅਰਬਾਂ ਰੁਪਏ ਦੀ ਇਸ਼ਤਿਹਾਰਬਾਜੀ, ਫਿਲਮਾਂ, ਟੀ ਵੀ, ਅਤੇ ਮੀਡੀਏ ਦੇ ਹੋਰ ਰੂਪਾਂ ਤੋਂ ਇਲਾਵਾ ਮਸ਼ਹੂਰ ਹਸਤੀਆਂ ਨੂੰ ਮਾਡਲਾਂ ਦੇ ਰੂਪ ਵਿੱਚ ਇਨ੍ਹਾਂ ਦੀ ਵਰਤੋਂ ਕਰਦੇ ਦਿਖਾਉਣਾ ਵਰਗੇ ਢੰਗਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਜਾਂਦੀ ਹੈ।

ਆਮ ਆਦਮੀ ਇਸ ਖਪਤ ਸਭਿਆਚਾਰ ਦਾ ਸ਼ਿਕਾਰ ਹੋਕੇ ਵਸਤਾਂ ਖਰੀਦਣ ਅਤੇ ਇਕੱਠੀਆਂ ਕਰਨ ਦੀ ਅੰਨੀ ਦੌੜ ਵਿੱਚ ਪੈਂਦਾ ਹੈ। ਪਰ ਵੱਡੀ ਬਹੁਗਿਣਤੀ ਦੇ ਆਰਥਿਕ ਸਾਧਨ ਐਨੇ ਨਹੀਂ ਹੁੰਦੇ ਕਿ ਉਹ ਬਾਜਾਰ ਵਿੱਚ ਆ ਰਹੀ ਹਰ ਨਵੀਂ ਵਸਤੂ ਨੂੰ ਖਰੀਦ ਸਕਣ। ਯਾਨੀ ਇੱਕ ਪਾਸੇ ਖਪਤ ਸਭਿਆਚਾਰ ਪਦਾਰਥਕ ਵਸਤਾਂ ਲਈ ਅਸੀਮਿਤ ਲਾਲਸਾ ਪੈਦਾ ਕਰ ਦਿੰਦਾ ਹੈ ਦੂਜੇ ਪਾਸੇ ਵਿਅਕਤੀ ਦੇ ਸਾਧਨ ਸੀਮਤ ਹੁੰਦੇ ਹਨ। ਇਹ ਪਾੜਾ ਵਿਅਕਤੀ ਵਿੱਚ ਮਾਨਸਿਕ ਤਣਾਅ ਪੈਦਾ ਕਰਦਾ ਹੈ। ਇਸ ਮਾਨਸਿਕ ਤਣਾਅ ਨੂੰ ਘਟਾਉਣ ਦੇ ਉਪਾਅ ਵਜੋਂ ਆਧੁਨਿਕ ਬਾਬੇ ਟੈਲੀਵੀਜ਼ਨ ਉੱਤੇ ਪ੍ਰਵਚਨ ਕਰਦੇ ਹੋਏ ਪੇਸ਼ ਹੁੰਦੇ ਹਨ।

111