ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਨ ਦੀ ਕੋਸ਼ਿਸ਼ ਕੀਤੀ। ਪਹਿਲੇ ਧਰਮਾਂ ਦੇ ਸਮਿਆਂ ਨਾਲੋਂ ਮਨੁੱਖੀ ਸੂਝ ਦੇ ਵਿਕਸਿਤ ਹੋ ਜਾਣ ਕਾਰਣ ਬਹੁਤ ਸਾਰੇ ਧਾਰਮਿਕ ਸੰਕਲਪ ਅਤੇ ਰੀਤੀ ਰਿਵਾਜ ਉਸ ਸਮੇਂ ਦੇ ਅਗਾਂਹਵਧੂ ਵਿਅਕਤੀਆਂ ਨੂੰ ਜਚਣੋਂ ਹਟ ਗਏ ਸਨ। ਸਿੱਖ ਧਰਮ ਨੇ ਇਹਨਾਂ ਨੂੰ ਨਕਾਰ ਕੇ ਉਸ ਸਮੇਂ ਦੀ ਸਮਝ ਮੁਤਾਬਿਕ ਨਵੀਆਂ ਧਾਰਨਾਵਾਂ ਪੇਸ਼ ਕੀਤੀਆਂ। ਉਦਾਹਰਣ ਵਜੋਂ ਪਿਤਰਾਂ ਨੂੰ ਪਾਈ ਦੇਣ ਵਾਲੀ ਗੱਲ, ਹਵਨ, ਆਰਤੀ ਵਗੈਰਾ ਨੂੰ ਰੱਦ ਕਰਨਾ, ਪਤੀ ਨੂੰ ਔਰਤ ਦਾ ਮਾਲਕ ਮੰਨਦੇ ਹੋਏ ਵੀ ਔਰਤ ਦੀ ਨਿੰਦਾ ਜਾਂ ਔਰਤ ਉਤੇ ਜ਼ੁਲਮ ਕਰਨ ਦਾ ਵਿਰੋਧ ਕਰਨਾ, ਰਾਜਿਆਂ ਦੀ ਨਿਰੰਕੁਸ਼ਤਾ ਦਾ ਵਿਰੋਧ ਕਰਦੇ ਹੋਏ ਸੰਗਤ ਦਾ ਜਮਹੂਰੀ ਸੰਕਲਪ ਵਿਕਸਿਤ ਕਰਨਾ, ਊਚ ਨੀਚ, ਜਾਤਪਾਤ ਆਦਿ ਨੂੰ ਰੱਦ ਕਰਕੇ ਇਕੋ ਪੰਗਤ ਵਿੱਚ ਬੈਠਣ ਦੀ ਪਿਰਤ ਪਾਉਣਾ, ਪੁਜਾਰੀਆਂ ਦੀਆਂ ਵੇਲਾ ਵਿਹਾ ਚੁੱਕੀਆਂ ਗੁੰਝਲਦਾਰ ਰਸਮਾਂ ਨੂੰ ਰੱਦ ਕਰਨਾ ਆਦਿ।

ਪਰ ਧਰਮ ਦਾ ਵੱਡਾ ਲੱਛਣ ਇਹ ਹੁੰਦਾ ਹੈ ਕਿ ਇਸ ਵੱਲੋਂ ਸ਼ੁਰੂ ਕੀਤੀਆਂ ਰਵਾਇਤਾਂ ਅਤੇ ਮਾਨਤਾਵਾਂ ਸਮਾਂ ਪਾ ਕੇ ਜੜ੍ਹ ਹੋ ਜਾਂਦੀਆਂ ਹਨ। ਧਰਮ ਦੇ ਮੋਢੀ ਆਗੂਆਂ ਵੱਲੋਂ ਕਹੀਆਂ ਗੱਲਾਂ ਨੂੰ ਉਸ ਧਰਮ ਦੇ ਪੈਰੋਕਾਰਾਂ ਵੱਲੋਂ ਸਦੀਵੀ ਸੱਚ ਮੰਨਣ ਕਾਰਣ ਉਹਨਾਂ ਗੱਲਾਂ ਉਪਰ ਕੋਈ ਪਰਖ ਪੜਚੋਲ ਜਾਂ ਬਹਿਸ ਵਿਚਾਰ ਨਹੀਂ ਹੁੰਦੀ। ਇਹ ਗੱਲ ਠੀਕ ਹੈ ਕਿ ਧਰਮ ਵਿੱਚ ਵੀ ਕੁਝ ਤਬਦੀਲੀਆਂ ਹੁੰਦੀਆਂ ਹਨ ਪਰ ਇਹ ਤਬਦੀਲੀਆਂ ਮਨੁੱਖੀ ਵਿਕਾਸ ਦੀਆਂ ਲੋੜਾਂ ਅਨੁਸਾਰ ਨਾ ਹੋ ਕੇ ਧਾਰਮਿਕ ਅਦਾਰਿਆਂ ਉਤੇ ਕਾਬਜ ਲੋਕਾਂ ਦੀਆਂ ਲੋੜਾਂ ਅਨੁਸਾਰ ਹੁੰਦੀਆਂ ਹਨ। ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਨਾਲ ਪੈਦਾਵਾਰੀ ਸੰਬੰਧ ਅਤੇ ਮਨੁੱਖੀ ਸੂਝ ਹੋਰ

116