ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਹੜੇ ਡੇਰੇ ਜਾਂ ਫਿਰਕੇ ਆਪਣੇ ਅਨੁਯਾਈਆਂ ਉਤੇ ਜਗੀਰੂ ਦੌਰ ਦੀਆਂ ਬੰਦਸ਼ਾਂ ਥੋਪਦੇ ਹਨ ਉਹ ਵੀ ਬਹੁਤੇ ਵਧ ਫੁੱਲ ਨਹੀਂ ਰਹੇ। ਜਿਵੇਂ ਕਿ ਨਾਮਧਾਰੀ ਫਿਰਕੇ ਨਾਲ ਨਵੇਂ ਬੰਦੇ ਨਹੀਂ ਜੁੜ ਰਹੇ। ਇਸੇ ਤਰ੍ਹਾਂ ਬ੍ਰਹਮਕੁਮਾਰੀਆਂ ਦੇ ਫਿਰਕੇ ਨੂੰ ਬਹੁਤ ਜੋਰ ਲਾਉਣ ਦੇ ਬਾਵਜੂਦ ਪੰਜਾਬ ਵਿਚੋਂ ਕੋਈ ਹੁੰਗਾਰਾ ਨਹੀਂ ਮਿਲ ਰਿਹਾ। ਕਹਿਣ ਦਾ ਭਾਵ ਕਿ ਤੇਜੀ ਨਾਲ ਓਹੀ ਫਿਰਕੇ ਉਭਰ ਕੇ ਸਾਹਮਣੇ ਆ ਰਹੇ ਹਨ ਜੋ ਆਧੁਨਿਕ ਦੌਰ ਦੀਆਂ ਲੋੜਾਂ ਨੂੰ ਮੁਖਾਤਿਬ ਹੁੰਦੇ ਹਨ। ਜੇ ਸੱਚੇ ਸੌਦੇ ਵਾਲਿਆਂ ਦੇ ਪ੍ਰਸੰਗ ਵਿੱਚ ਹੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ 'ਜਾਮ-ਏ-ਇੰਸਾਂ' ਪਿਆਉਣ ਮੌਕੇ ਜੋ 47 ਨੁਕਤੇ ਪੇਸ਼ ਕੀਤੇ ਗਏ ਉਹਨਾਂ ਵਿਚੋਂ ਕੁਝ ਉਤੇ ਨਿਗ੍ਹਾ ਮਾਰੇ ਤੋਂ ਉਪਰੋਕਤ ਗੱਲ ਸਾਫ ਹੁੰਦੀ ਹੈ।

ਸਪਸ਼ਟ ਹੈ ਕਿ ਨਸ਼ਿਆਂ ਨੂੰ ਛੱਡ ਕੇ ਬਾਕੀ ਪਹਿਣਨ ਪਚਰਣ, ਰਹਿਣ ਸਹਿਣ ਉਤੇ ਕੋਈ ਖਾਸ ਪਾਬੰਦੀਆਂ ਨਹੀਂ ਲਗਾਈਆਂ ਗਈਆਂ ਅਤੇ ਨਸ਼ੇ ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਅੱਜ ਦੇ ਦੌਰ ਦੀ ਇੱਕ ਵੱਡੀ ਸਮੱਸਿਆ ਬਣ ਗਏ ਹਨ। ਬਾਕੀ ਫਿਰਕਿਆਂ ਜਿਵੇਂ ਰਾਧਾ-ਸਵਾਮੀਆਂ, ਨਿਰੰਕਾਰੀਆਂ ਆਦਿ ਵਿੱਚ ਵੀ ਅਜਿਹੀਆਂ ਬੰਦਿਸ਼ਾਂ ਨਹੀਂ ਹਨ। ਇਹਨਾਂ ਦਾ ਪ੍ਰਬੰਧ ਪੂਰੀ ਤਰ੍ਹਾਂ ਕਾਰਪੋਰੇਟ ਢੰਗ ਨਾਲ ਕੀਤਾ ਜਾਂਦਾ ਹੈ। ਉਦਾਹਰਣ ਵਜੋਂ ਬਿਆਸ ਵਾਲੇ ਡੇਰੇ ਦੇ ਪ੍ਰਬੰਧ ਕਿਸੇ ਕਹਿੰਦੀ ਕਹਾਉਂਦੀ ਕੰਪਨੀ ਦੇ ਪ੍ਰਬੰਧਾਂ ਨੂੰ ਮਾਤ ਪਾਉਂਦੇ ਹਨ। ਸਰਮਾਏਦਾਰੀ ਦੌਰ ਦਾ ਇੱਕ ਹੋਰ ਚਿੰਨ੍ਹ ਵੇਖਣਾ ਹੋਵੇ ਤਾਂ ਸੱਚੇ ਸੌਦੇ ਵਾਲਿਆਂ ਵੱਲੋਂ ਇੱਕ ਕੰਪਨੀ ਵਾਂਗ ਹੀ ਆਪਣੇ ਪ੍ਰਾਡਕਟ ਬਾਜਾਰ ਵਿੱਚ ਲਿਆਂਦੇ ਜਾ ਰਹੇ ਸਨ। ਆਮਦਨ ਦਾ ਇਹ ਢੰਗ ਵੀ ਪਹਿਲੇ ਦੌਰ ਦੇ ਨਿਰੋਲ ਦਾਨ ਜਾਂ ਚੜ੍ਹਾਵੇ ਦੇ ਸਾਧਨਾਂ ਉਤੇ ਨਿਰਭਰ ਰਹਿਣ ਨਾਲੋਂ ਵੱਖਰੀ ਅਤੇ ਆਧੁਨਿਕ ਵਿਧੀ ਨੂੰ ਸਾਹਮਣੇ ਲਿਆਉਂਦਾ ਹੈ।

119