ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਕਤੀਮਾਨ ਪਿਤਾ' ਦੀ ਕਲਪਨਾ ਕਰ ਲਈ ਗਈ। ਇਸੇ ਨੂੰ ਹੀ ਪ੍ਰਮਾਤਮਾ, ਈਸ਼ਵਰ, ਅੱਲਾ, ਗਾਡ ਦੇ ਨਾਮ ਦਿੱਤੇ ਗਏ।

ਚਾਹੇ ਧਰਮ ਦੀ ਉਤਪਤੀ ਮਨੁੱਖ ਦੇ ਮੁਢਲੇ ਦੌਰ ਵਿੱਚ ਕੁਦਰਤੀ ਸ਼ਕਤੀਆਂ ਨੂੰ ਸਮਝਣ ਅਤੇ ਕੰਟਰੋਲ ਕਰਨ ਦੀ ਸਮਰਥਾ ਨਾ ਹੋਣ ਵਿਚੋਂ ਹੋਈ ਪਰ ਬਾਅਦ ਵਿੱਚ ਇਸਦਾ ਮਨੁੱਖੀ ਸਮਾਜ ਵਿੱਚ ਇੱਕ ਖਾਸ ਰੋਲ ਬਣ ਗਿਆ। ਇਹ ਲੋਕਾਂ ਨੂੰ ਉਹਨਾਂ ਦੇ ਦੁੱਖ ਤਕਲੀਫਾਂ ਨੂੰ ਸ਼ਾਂਤੀ ਨਾਲ ਬਰਦਾਸ਼ਤ ਕਰਨ ਦੀ ਸਿਖਿਆ ਦਿੰਦਾ ਸੀ ਕਿਉਂਕਿ ਧਰਮ ਮੁਤਾਬਿਕ ਲੋਕਾਂ ਦੇ ਚੰਗੇ ਮਾੜੇ ਹਾਲ ਈਸ਼ਵਰ ਦੀ ਮਰਜੀ ਕਾਰਣ ਹਨ ਜਾਂ ਪਿਛਲੇ ਜਨਮਾਂ ਦੇ ਕਰਮਾਂ ਕਾਰਣ ਹਨ। ਸੋ ਆਪਣੇ ਦੁੱਖ ਤਕਲੀਫ਼ ਦੂਰ ਕਰਨ ਲਈ ਮਨੁੱਖ ਬੱਸ ਈਸ਼ਵਰ ਦੀ ਮਿਹਰ ਪ੍ਰਾਪਤ ਕਰਨ ਦਾ ਯਤਨ ਕਰੇ। ਹੋਰ ਗੱਲਾਂ ਦੇ ਨਾਲ ਨਾਲ ਧਰਮ ਨੇ ਨੈਤਿਕ ਸਿੱਖਿਆ ਦੇਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਕਿ ਪਰਾਈ ਚੀਜ ਚੋਰੀ ਨਹੀਂ ਕਰਨੀ ਚਾਹੀਦੀ, ਲਾਲਚ ਨਹੀਂ ਕਰਨਾ ਚਾਹੀਦਾ, ਆਪਣੇ ਸਾਥੀਆਂ ਨਾਲ ਪਿਆਰ ਕਰਨਾ ਚਾਹੀਦਾ ਹੈ, ਜੀਵਾਂ 'ਤੇ ਦਯਾ ਕਰਨੀ ਚਾਹੀਦੀ ਹੈ, ਝੂਠ ਨਹੀਂ ਬੋਲਣਾ ਚਾਹੀਦਾ ਆਦਿ। ਅਸਲ ਵਿੱਚ ਇਹਨਾਂ ਗੱਲਾਂ ਦੀ ਸਮਾਜਿਕ ਜੀਵਨ ਦੇ ਠੀਕ ਠਾਕ ਚਲਦਾ ਰਹਿਣ ਲਈ ਲੋੜ ਸੀ, ਸੋ ਧਰਮ ਨੇ ਇਹਨਾਂ ਨੂੰ ਆਪਣੇ ਨਾਲ ਜੋੜ ਲਿਆ। ਇਹਨਾਂ ਸਾਰੇ ਗੁਣਾਂ ਸਦਕਾ ਧਰਮ ਨੇ ਹਰ ਦੌਰ ਦੇ ਸਮਾਜਿਕ ਰਾਜਨੀਤਕ ਪ੍ਰਬੰਧ ਨੂੰ ਸਥਾਈਤਵ ਬਖਸ਼ਿਆ ਅਤੇ ਇਸੇ ਕਰਕੇ ਹਰ ਸਮਾਜਿਕ ਪ੍ਰਬੰਧ ਦੇ ਉਚ ਵਰਗ ਵਲੋਂ ਧਰਮ ਨੂੰ ਸੁਰੱਖਿਆ ਅਤੇ ਸਰਪ੍ਰਸਤੀ ਦਿੱਤੀ ਜਾਂਦੀ ਰਹੀ ਜਿਸ ਨਾਲ ਧਰਮ ਦੀ ਜਕੜ ਹੋਰ ਮਜਬੂਤ ਹੁੰਦੀ ਗਈ।

126