ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਹੁਤ ਜ਼ਿਆਦਾ ਮਰਦ ਹੰਢਾਉਣ ਵਾਲੀ ਪ੍ਰਵਿਰਤੀ ਪਾਈ ਜਾਂਦੀ ਹੈ ਤਾਂ ਉਹ ਔਰਤ ਜਾਤ ਦੀ ਸੁਭਾਵਿਕ ਪ੍ਰਵਿਰਤੀ ਨਾ ਹੋ ਕੇ ਇਕ ਮਾਨਸਿਕ ਰੋਗ 'ਨਿਮਫੋਮੇਨੀਆ' ਕਾਰਨ ਪੈਦਾ ਹੋਇਆ ਵਿਗਾੜ ਹੁੰਦਾ ਹੈ। (ਨਿਮਫੋਮੇਨੀਆ ਹੋਣ ਦੇ ਆਪਣੇ ਮਾਨਸਿਕ/ਸਰੀਰਕ ਕਾਰਨ ਹਨ ਜੋ ਇਸ ਲੇਖ ਦੇ ਦਾਇਰੇ ਵਿਚ ਨਹੀਂ ਆਉਂਦੇ)। ਇਸ ਤੋਂ ਬਿਨਾਂ ਇਕ ਹੋਰ ਤੱਥ ਵੀ ਹੈ ਕਿ ਆਦਮੀ ਆਪਣੀ ਜੀਵ-ਵਿਗਿਆਨਕ ਪ੍ਰਵਿਰਤੀ ਨੂੰ ਪੂਰਾ ਕਰਨ ਲਈ ਸੰਪਰਕ ਵਿਚ ਆਉਂਦੀ ਹਰ ਔਰਤ ਲਈ ਜਿੰਨੀ ਤਰ੍ਹਾਂ ਦੀਆਂ ਲੁਭਾਵਈਆਂ ਕੁੰਡੀਆਂ ਸੁੱਟਦਾ ਹੈ, ਉਸ ਤੋਂ ਬਚਣਾ ਹਰ ਔਰਤ ਦੇ ਵੱਸ ਦਾ ਰੋਗ ਨਹੀਂ ਹੁੰਦਾ। ਸੋ ਇਨ੍ਹਾਂ ਸਾਰੀਆਂ ਤਾਕਤਾਂ ਯਾਨੀ ਜੀਵ ਵਿਗਿਆਨਕ ਮੂਲ-ਪ੍ਰਵਿਰਤੀ ਅਤੇ ਸਮਾਜਿਕ ਰੋਕਾਂ, ਭਾਵਨਾਤਮਿਕ ਲਗਾਅ ਅਤੇ ਨਵੇਂ ਤਜਰਬਿਆਂ ਪ੍ਰਤੀ ਖਿੱਚ, ਸਥਾਈ ਸਬੰਧਾਂ ਦੇ ਲਾਭ ਅਤੇ ਤਬਦੀਲੀ ਦੀ ਇੱਛਾ, ਆਦਮੀ ਦੀਆਂ ਕੋਸ਼ਿਸ਼ਾਂ ਅਤੇ ਔਰਤਾਂ ਦੇ ਪ੍ਰਤੀਕਰਮ ਆਦਿ ਇਕ ਦੂਜੇ ਤੋਂ ਉਲਟ ਖਿੱਚਦੇ ਰੁਝਾਨਾਂ ਵਿਚਕਾਰ ਸੰਘਰਸ਼ ਵੀ ਚਲਦਾ ਰਹਿੰਦਾ ਹੈ ਅਤੇ ਸੰਤੁਲਨ ਵੀ ਬਣਿਆ ਰਹਿੰਦਾ ਹੈ। ਇਸ ਇਕੋ ਵਿਸ਼ੇ ਦੁਆਲੇ ਚਲਦੇ ਸੰਘਰਸ਼ ਅਤੇ ਸੰਤੁਲਨ ਵਿਚੋਂ ਹਜ਼ਾਰਾਂ ਲੱਖਾਂ ਕਿੱਸੇ, ਕਹਾਣੀਆਂ, ਨਾਵਲਾਂ, ਨਾਟਕਾਂ, ਫਿਲਮਾਂ, ਲਤੀਫਿਆਂ, ਟੋਟਕਿਆਂ ਨੇ ਜਨਮ ਲਿਆ ਅਤੇ ਮਨੁੱਖੀ ਹੋਂਦ ਨੂੰ ਦਿਲਚਸਪ ਬਣਾਇਆ। ਜੇ ਕਿਤੇ ਔਰਤ ਮਰਦ ਸਬੰਧਾਂ ਦਾ ਮਸਲਾ ਸਿੱਧਾ ਹੁੰਦਾ (ਜਾਂ ਅਜਿਹੇ ਕਿਸੇ ਲੇਖ ਦੇ ਦਾਇਰੇ ਵਿੱਚ ਸਮਾਉਣ ਵਾਲਾ ਹੁੰਦਾ) ਤਾਂ ਮਨੁੱਖੀ ਜ਼ਿੰਦਗੀ ਕਿੰਨੀ ਬੇਰਸ, ਬੇਰੰਗ ਅਤੇ ਬੇਅਰਥ ਹੋਈ ਸੀ, ਇਸ ਦੀ ਸਿਰਫ ਕਲਪਨਾ ਹੀ ਕੀਤੀ ਜਾ ਸਕਦੀ ਹੈ।

15