ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਈ ਵੀ ਬਣਾਏ ਜਾਣ। ਵਿਆਹੁਤਾ ਸਾਥੀ ਵਿੱਚ ਨੁਕਸ ਛਾਂਟਣੇ ਜਾਂ ਇਹ ਕਹਿਣਾ ਕਿ ਉਸ ਦਾ ਮਾਨਸਿਕ, ਸਰੀਰਕ ਜਾਂ ਭਾਵਨਾਤਮਿਕ ਪੱਧਰ ਉਸਦੇ ਹਾਣ ਦਾ ਨਹੀਂ ਹੈ ਆਦਿ ਗੱਲਾਂ ਅਸਲ ਵਿੱਚ ਨਵਾਂ ਸਾਥ ਢੂੰਡਣ ਦੀਆਂ ਕੋਸ਼ਿਸ਼ਾਂ ਨੂੰ ਤਾਰਕਿਕ ਆਧਾਰ ਦੇਣ ਲਈ ਹੀ ਹੁੰਦੀਆਂ ਹਨ। ਅੰਮ੍ਰਿਤਾ ਪ੍ਰੀਤਮ ਨੇ ਇਸੇ ਗੱਲ ਨੂੰ ਬੜੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਸੀ, “ਵਿਆਹੇ ਹੋਏ ਰਿਸ਼ਤਿਆਂ ਵਿੱਚ ਉਹ ਥ੍ਰਿਲ ਕਿੱਥੇ ਜੋ ਅਣਵਿਆਹੇ ਰਿਸ਼ਤਿਆਂ ਵਿੱਚ ਹੁੰਦੀ ਹੈ। ਅਣਵਿਆਹੇ ਰਿਸ਼ਤਿਆਂ ਵਿੱਚ ਤੁਸੀਂ ਉਹ ਚੀਜ ਪ੍ਰਾਪਤ ਕਰਦੇ ਹੋ ਜੋ ਤੁਹਾਡੇ ਕੋਲ ਨਹੀਂ ਹੁੰਦੀ।”

ਹੋਰ ਵੀ ਬਹੁਤ ਸਾਰੇ ਵੱਡੇ ਲੇਖਕ ਅਤੇ ਚਿੰਤਕ ਵਿਆਹ ਬਾਰੇ ਚੰਗੀ ਰਾਇ ਨਹੀਂ ਰਖਦੇ। ਵਿਸ਼ਵ ਪ੍ਰਸਿੱਧ ਦਾਰਸ਼ਨਿਕ ਸਾਰਤਰ ਅਤੇ ਉਸਦੀ ਸਾਥਣ ਫ਼ਿਲਾਸਫਰ ਸਿਮੋਨ ਦ ਬੋਵਿਆਰ ਵੀ ਵਿਆਹ ਦੀ ਸੰਸਥਾ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਸਨ। ਉਹ ਬਿਨਾਂ ਵਿਆਹ ਤੋਂ ਸਾਰੀ ਉਮਰ ਇਕੱਠੇ ਵੀ ਰਹਿੰਦੇ ਰਹੇ ਅਤੇ ਆਪੋ ਆਪਣੇ ਵੱਖਰੇ ਇਸ਼ਕ ਵੀ ਕਰਦੇ ਰਹੇ। ਗੱਲ ਵੱਡੇ ਚਿੰਤਕਾਂ ਦੀ ਹੀ ਨਹੀਂ ਖੁੱਲ੍ਹ ਮਿਲਣ 'ਤੇ ਸਾਧਾਰਣ ਲੋਕ ਵੀ ਇਵੇਂ ਹੀ ਕਰਨ ਦੀ ਇੱਛਾ ਕਰਦੇ ਹਨ ਪਰ ਸਾਧਾਰਣ ਲੋਕ ਸ਼ਰ੍ਹੇਆਮ ਸਮਾਜਿਕ ਬੰਧਨਾਂ ਨੂੰ ਤੋੜਨ ਦੀ ਕਾਰਵਾਈ ਨਹੀਂ ਕਰਦੇ ਅਤੇ ਜੇ ਤੋੜਦੇ ਵੀ ਹਨ ਤਾਂ ਉਸਨੂੰ ਤਰਕਸੰਗਤ ਨਹੀਂ ਠਹਿਰਾ ਸਕਦੇ ਸਗੋਂ ਅਜਿਹੀ ਕਾਰਵਾਈ ਨੂੰ ਆਪਣਾ ਨੁਕਸ ਮੰਨਦੇ ਹਨ।

ਜੇ ਬਹੁਗਿਣਤੀ ਵਿਆਹ ਦੀ ਸੰਸਥਾ ਅਤੇ ਉਮਰ ਭਰ ਦੇ ਬੰਧਨ ਤੋਂ ਅਸਤੁੰਸ਼ਟ ਹੈ ਤਾਂ ਫਿਰ ਵਿਆਹ ਦੀ ਸੰਸਥਾ ਕਾਇਮ ਕਿਉਂ ਹੈ? ਇਸ ਦੇ ਲਈ ਵੈਸੇ ਤਾਂ ਹੋਰ ਬਹੁਤ ਸਾਰੇ ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਕਾਰਣ ਗਿਣਾਏ ਜਾ ਸਕਦੇ ਹਨ ਪਰ ਮੁੱਖ ਤੌਰ 'ਤੇ ਵਿਆਹ ਨੂੰ ਕਾਇਮ ਰੱਖਣ ਦਾ ਆਧਾਰ ਬੱਚੇ

22