ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁੰਦੇ ਹਨ। ਬਹੁਤ ਸਾਰੇ ਵਿਆਹ ਪੂਰਨ ਤੌਰ ਉਤੇ ਫੇਲ੍ਹ ਹੋ ਜਾਣ ਦੇ ਬਾਵਜੂਦ ਵੀ ਏਸ ਕਰਕੇ ਚਲਦੇ ਰਹਿੰਦੇ ਹਨ ਕਿ ਵਿਆਹ ਟੁੱਟਣ ਦੀ ਸੂਰਤ ਵਿੱਚ ਬੱਚਿਆਂ ਦਾ ਪਾਲਣ ਪੋਸ਼ਣ ਬੁਰੇ ਰੁਖ ਪ੍ਰਭਾਵਿਤ ਹੁੰਦਾ ਹੈ। ਇਹ ਗੱਲ ਕੇਵਲ ਮਨੁੱਖ ਤੱਕ ਹੀ ਸੀਮਤ ਨਹੀਂ ਸਗੋਂ ਬਹੁਤ ਸਾਰੇ ਜੰਤੂਆਂ ਵਿੱਚ ਵੀ ਇਉਂ ਹੁੰਦਾ ਹੈ। ਜਾਨਵਰਾਂ ਵਿੱਚ ਚਾਹੇ ਉਮਰ ਭਰ ਇਕੱਠੇ ਰਹਿਣ ਵਾਲੇ ਵਿਆਹ ਦੀ ਰਸਮ ਨਹੀਂ ਹੁੰਦੀ ਪਰ ਬਹੁਤ ਸਾਰੇ ਪੰਛੀਆਂ ਅਤੇ ਹੋਰ ਉੱਚ ਜੰਤੂਆਂ ਵਿੱਚ ਨਰ ਮਾਦਾ ਓਨਾ ਚਿਰ ਜੋੜਾ ਬਣਾ ਕੇ ਰਹਿੰਦੇ ਹਨ ਜਿੰਨਾਂ ਚਿਰ ਉਹਨਾਂ ਦੇ ਬੱਚੇ ਸਵੈ-ਨਿਰਭਰ ਨਹੀਂ ਹੋ ਜਾਂਦੇ। ਮਨੁੱਖ ਦੇ ਬੱਚਿਆਂ ਦਾ ਸਵੈ ਨਿਰਭਰ ਹੋਣ ਤੱਕ ਦਾ ਸਮਾਂ ਬਹੁਤ ਲੰਮਾ ਹੁੰਦਾ ਹੈ ਜਿਸ ਵਿੱਚ ਮਾਤਾ ਪਿਤਾ ਦੀ ਸਾਰੀ ਉਮਰ ਹੀ ਬੀਤ ਜਾਂਦੀ ਹੈ ਅਤੇ ਐਨਾ ਲੰਮਾ ਸਬੰਧ ਵਿਆਹ ਰਾਹੀਂ ਹੀ ਨਿਭਾਇਆ ਜਾ ਸਕਦਾ ਹੈ।

ਫਿਰ ਵੀ ਕੀ ਵਿਆਹ ਸੰਸਥਾ ਇਸੇ ਰੂਪ ਵਿੱਚ ਸਦਾ ਵਾਸਤੇ ਚਲਦੀ ਰਹੇਗੀ। ਵਿਆਹ ਸੰਸਥਾ ਇਤਿਹਾਸ ਦੇ ਇੱਕ ਦੌਰ ਵਿੱਚ ਹੋਂਦ ਵਿੱਚ ਆਈ ਅਤੇ ਇਹ ਸਮੇਂ ਸਮੇਂ ਰੂਪ ਬਦਲਦੀ ਰਹੀ ਹੈ। ਅੰਗਰੇਜ ਲੇਖਕ ਐਲਡਸ ਹਕਸਲੇ ਦਾ ਇੱਕ ਸੰਸਾਰ ਪ੍ਰਸਿੱਧ ਨਾਵਲ ਹੈ 'ਦ ਬਰੇਵ ਨਿਊ ਵਰਲਡ', ਇਸ ਵਿੱਚ ਛੇ ਸੌ ਸਾਲ ਬਾਅਦ ਆਉਣ ਵਾਲੇ ਸੰਸਾਰ ਦਾ ਨਕਸ਼ਾ ਖਿੱਚਿਆ ਹੋਇਆ ਹੈ। ਛੱਬੀਵੀਂ ਸਦੀ ਦੇ ਉਸ ਸੰਸਾਰ ਵਿੱਚ ਵਿਆਹ ਸ਼ਬਦ ਨੂੰ ਕੋਈ ਨਹੀਂ ਜਾਣਦਾ, ਇਸਦੀ ਬਜਾਏ 'ਹਰ ਕੋਈ ਹਰ ਕਿਸੇ ਲਈ' ਦਾ ਮਾਟੋ ਪ੍ਰਧਾਨ ਹੈ, ਕੋਈ ਮਾਂ-ਬਾਪ ਦਾ ਸੰਕਲਪ ਨਹੀਂ ਹੈ ਕਿਉਂਕਿ ਬੱਚੇ ਫੈਕਟਰੀਆਂ ਵਿੱਚ ਪੈਦਾ ਕੀਤੇ ਜਾਂਦੇ ਹਨ। ਇਹ ਤਾਂ ਖੈਰ ਦੂਰ ਭਵਿੱਖ ਬਾਰੇ ਲੇਖਕ ਦੀ ਕਲਪਨਾ ਹੈ ਪਰ ਹੁਣ ਨੇੜਲੇ ਭਵਿੱਖ ਵਿੱਚ ਕੀ ਹੋਣ ਜਾ ਰਿਹਾ ਇਸ ਬਾਰੇ ਕੁਝ ਇਸ਼ਾਰੇ ਵਿਕਸਿਤ ਦੇਸ਼ਾਂ ਦੇ ਸਮਾਜਾਂ ਤੋਂ ਮਿਲ ਸਕਦੇ ਹਨ। 16

23