ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਸਰਵੇ ਕੋਈ ਵਿਕੋਲਿਤਰਾ ਸਰਵੇ ਨਹੀਂ ਸੀ, ਅੰਗਰੇਜੀ ਦੇ ਇੱਕ ਪ੍ਰਸਿੱਧ ਮੈਗਜ਼ੀਨ ਵੱਲੋਂ ਤਾਂ ਹਰ ਦੋ ਕੁ ਸਾਲ ਬਾਅਦ ਭਾਰਤ ਵਿੱਚ ਸੈਕਸ ਸਬੰਧਾਂ ਬਾਰੇ ਸਰਵੇ ਛਾਪਿਆ ਜਾਂਦਾ ਹੈ। ਸ਼ਾਇਦ ਇਸਦਾ ਅਸਲ ਮਕਸਦ ਤਾਂ ਕੁਝ ਕਰਾਰਾ ਮੈਟਰ ਦੇ ਕੇ ਨਵੇਂ ਨਵੇਂ ਪਾਠਕਾਂ ਨੂੰ ਆਪਣੇ ਨਾਲ ਜੋੜਨ ਦਾ ਹੀ ਹੋਵੇ ਪਰ ਇਹਨਾਂ ਸਰਵਿਆਂ ਤੋਂ ਵਿਆਹ ਬਾਹਰੇ ਸਬੰਧਾਂ ਬਾਰੇ ਜੋ ਅੰਕੜੇ ਆਉਂਦੇ ਹਨ ਉਹ ਚੈਨਲ ਵਾਲੇ ਸਰਵੇ ਤੋਂ ਬਹੁਤੇ ਵੱਖਰੇ ਨਹੀਂ ਹੁੰਦੇ। ਸੋ ਆਦਮੀ ਚਾਹੇ ਪੂਰਬ ਦਾ ਹੋਵੇ ਚਾਹੇ ਪੱਛਮ ਦਾ, ਉਸਦੀਆਂ ਮੂਲ ਪ੍ਰਵਿਰਤੀਆਂ ਵਿੱਚ ਬਹੁਤਾ ਫਰਕ ਨਹੀਂ ਹੁੰਦਾ ਕੇਵਲ ਪ੍ਰਸਥਿਤੀਆਂ ਹੀ ਉਸਤੋਂ ਵੱਖਰਾ ਵਿਵਹਾਰ ਕਰਵਾਉਂਦੀਆਂ ਹਨ।

ਆਪਣੀ ਥਾਂ 'ਤੇ ਇਹ ਸਾਰੀਆਂ ਗੱਲਾਂ ਠੀਕ ਹਨ, ਕੋਈ ਵੀ ਚੀਜ ਸੰਪੂਰਨ ਨਹੀਂ ਹੁੰਦੀ, ਕੋਈ ਵੀ ਪ੍ਰਬੰਧ ਸਦੀਵੀ ਨਹੀਂ ਹੁੰਦਾ, ਪਰ ਅੱਜ ਦੀ ਤਾਰੀਕ ਵਿੱਚ ਮਨੁੱਖਾਂ ਦੀ ਜ਼ਿੰਦਗੀ ਵਿਚੋਂ ਵਿਆਹੁਤਾ ਜੀਵਨ ਦੀ ਸਾਰਥਿਕਤਾ ਖਤਮ ਨਹੀਂ ਹੋਈ। ਸਾਰੇ ਗਿਲੇ, ਸ਼ਿਕਵਿਆਂ, ਰੁਝੇਵਿਆਂ, ਉਲਝੇਵਿਆਂ ਦੇ ਬਾਵਜੂਦ ਵਿਆਹੁਤਾ ਜ਼ਿੰਦਗੀ ਦਾ ਆਪਣਾ ਆਨੰਦ ਹੁੰਦਾ ਹੈ। ਅੱਜ ਦੀ ਮੁਕਾਬਲੇਬਾਜੀ ਅਤੇ ਭੱਜ-ਦੌੜ ਦੀ ਤਨਾਵਾਂ ਭਰੀ ਜ਼ਿੰਦਗੀ ਵਿੱਚ ਇਹ ਹੀ ਉਹ ਥਾਂ ਹੈ ਜਿੱਥੋਂ ਤੁਸੀਂ ਸਕੂਨ ਪ੍ਰਾਪਤ ਕਰਕੇ ਤਾਜਾ ਦਮ ਹੋ ਸਕਦੇ ਹੋ। ਇਹ ਵਿਆਹ ਦਾ ਬੰਧਨ ਹੀ ਹੁੰਦਾ ਹੈ ਜਿਸ ਵਿੱਚ ਜੇ ਤੁਹਾਡੀਆਂ ਖੁਸ਼ੀਆਂ ਸਾਂਝੀਆਂ ਹੁੰਦੀਆਂ ਹਨ ਤਾਂ ਦੁੱਖ ਵੀ ਵੰਡਾਏ ਜਾਂਦੇ ਹਨ। ਜੀਵਨ ਦੀ ਸਵੇਰ ਵਿੱਚ ਤਾਂ ਸਾਥੀਆਂ ਦੀ ਕੋਈ ਘਾਟ ਨਹੀਂ ਹੁੰਦੀ ਪਰ ਜੀਵਨ ਦੀ ਸ਼ਾਮ ਵਿੱਚ ਸਾਥ ਵਿਆਹੁਤਾ ਜੀਵਨ ਰਾਹੀਂ ਹੀ ਮਿਲਦਾ ਹੈ। ਆਪਣੀ ਅਗਲੀ ਪੀੜ੍ਹੀ ਨੂੰ ਪਾਲਣਾ, ਸੰਭਾਲਣਾ, ਸਫਲ ਕਰਨਾ, ਸਮਾਜ ਵਿੱਚ ਉਨ੍ਹਾਂ ਦੀ ਜਗ੍ਹਾ ਬਨਾਉਣੀ ਆਦਿ ਕਾਰਜ ਵਿਆਹ ਦੀ ਸੰਸਥਾ ਰਾਹੀਂ ਹੀ ਸੰਭਵ ਹੁੰਦੇ ਹਨ।

25