ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਲੂਕ ਕੀਤਾ ਜਾਵੇ ਤਾਂ ਪੋਰਸ ਨੇ ਕਿਹਾ ਕਿ ਜਿਹੋ ਜਿਹਾ ਇੱਕ ਰਾਜਾ ਦੂਸਰੇ ਰਾਜਾ ਨਾਲ ਕਰਦਾ ਹੈ। ਹੁਣ ਇਹ ਡਾਇਲਾਗ ਬੋਲਣ ਨਾਲ ਹੀ ਪੋਰਸ ਦੀ ਬਹਾਦਰੀ ਕਿਵੇਂ ਸਿੱਧ ਹੋ ਗਈ ਇਸ ਗੱਲ ਦੀ ਘੱਟੋ ਘੱਟ ਇਸ ਲੇਖਕ ਨੂੰ ਤਾਂ ਕਦੇ ਸਮਝ ਨਹੀਂ ਆਈ ਪਰ ਫੇਰ ਵੀ ਇਸ ਗੱਲ ਦਾ ਬੜਾ ਮਾਣ ਕੀਤਾ ਜਾਂਦਾ ਹੈ ਕਿ ਪੋਰਸ ਨੇ ਸਿਕੰਦਰ ਨੂੰ ਅੱਗੋਂ ਉਪਰੋਕਤ ਜਵਾਬ ਦਿੱਤਾ। ਉਸ ਤੋਂ ਬਾਅਦ ਵਿਦੇਸ਼ੀ ਆਉਂਦੇ ਰਹੇ ਅਤੇ ਆਰਾਮ ਨਾਲ ਹੀ ਜਿੱਤ ਕੇ ਅਤੇ ਲੁੱਟ ਪੁੱਟ ਕੇ ਮੁੜ ਜਾਂਦੇ ਜਾਂ ਇਥੇ ਹੀ ਆਪਣਾ ਰਾਜ ਸਥਾਪਤ ਕਰ ਲੈਂਦੇ; ਯਾਨੀ ਆਪਣੀ ਧਰਤੀ ਅਤੇ ਕੁਦਰਤੀ ਖਜਾਨਿਆਂ ਦੀ ਰਾਖੀ ਖਾਤਰ ਬਹਾਦਰੀ ਨਾਲ ਲੜ ਸਕਣਾ ਸਾਡੇ ਸਭਿਆਚਾਰ ਦਾ ਹਿੱਸਾ ਨਹੀਂ ਸੀ। ਛੋਟੇ ਛੋਟੇ ਲਾਲਚਾਂ ਪਿੱਛੇ ਆਪਣੇ ਹਮਵਤਨਾਂ ਦਾ ਸਾਥ ਛੱਡ ਕੇ ਦੁਸ਼ਮਣ ਨਾਲ ਮਿਲ ਜਾਣ ਦੀਆਂ ਸੈਂਕੜੇ ਉਦਾਹਰਣਾਂ ਜਰੂਰ ਮਿਲ ਜਾਂਦੀਆਂ ਹਨ। ਹਾਲ ਇਥੋਂ ਤੱਕ ਮਾੜਾ ਸੀ ਕਿ ਕਲਾਈਵ ਵਰਗੇ ਆਪਣੀ ਤਿੰਨ ਹਜਾਰ ਦੀ ਫੌਜ ਨਾਲ ਹੀ ਸਿਰਾਜਓਦੌਲਾ ਵਰਗਿਆਂ ਦੀ ਪੰਜਾਹ ਹਜਾਰ ਫੌਜ ਨੂੰ ਅੱਗੇ ਲਾ ਲੈਂਦੇ ਸਨ। ਉਂਜ ਲੜਾਈਆਂ ਲੜਨੀਆਂ ਕੋਈ ਬਹੁਤਾ ਵਧੀਆ ਮਨੁੱਖੀ ਗੁਣ ਨਹੀਂ ਅਤੇ ਸਾਰੇ ਸਮਾਜ ਵਿਗਿਆਨੀ ਇਹ ਵੀ ਜਾਣਦੇ ਹਨ ਕਿ ਹਿੰਦੁਸਤਾਨੀਆਂ ਵਿੱਚ ਇਹ ਗੁਣ ਵਿਕਸਿਤ ਨਾ ਹੋਣ ਦਾ ਕਾਰਣ ਇਥੋਂ ਦੀ ਉਪਜਾਊ ਭੂਮੀ ਅਤੇ ਕੁਦਰਤੀ ਸਾਧਨਾਂ ਦੀ ਭਰਪੂਰਤਾ ਸੀ। ਰੱਜੇ ਪੁੱਜੇ ਲੋਕ ਲੜਾਈ ਝਗੜੇ ਦੇ ਬਹੁਤੇ ਮਾਹਰ ਨਹੀਂ ਹੁੰਦੇ ਅਤੇ ਸਾਡੇ ਪੁਰਖੇ ਵੀ ਕੋਈ ਬਹੁਤੇ ਬਹਾਦਰ ਵਿਅਕਤੀ ਨਹੀਂ ਸਨ। ਐਨਾ ਕੁ ਇਤਿਹਾਸਕ ਪ੍ਰਸੰਗ ਛੇੜਨ ਦਾ ਮਕਸਦ ਇਹ ਸੀ ਕਿ ਜਦ ਵਰਤਮਾਨ ਕਮਜੋਰੀਆਂ ਦੀ ਗੱਲ ਛਿੜੇ ਤਾਂ ਦੁਨੀਆਂ ਦੀ ਇਸ ਪੁਰਾਤਨ ਸਭਿਅਤਾ ਦੇ ਕਥਿਤ ਇਤਿਹਾਸਕ ਗੌਰਵ ਦਾ ਆਸਰਾ ਨਾ ਲੈ ਲਿਆ ਜਾਵੇ।

39