ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੱਛਮ। ਇਸੇ ਤਰਾਂ ਸੂਚਨਾ ਤਕਨਾਲੋਜੀ ਵਿਚਲੀ ਆਥਾਹ ਤਰੱਕੀ ਨੇ ਸੰਸਾਰ ਦੀਆਂ ਭੂਗੋਲਿਕ ਵਿੱਥਾਂ ਨੂੰ ਬੇਅਸਰ ਕਰ ਦਿੱਤਾ ਹੈ ਜਿਸਦੇ ਸਿੱਟੇ ਵਜੋਂ ਸੰਸਾਰ ਦੇ ਵੱਖ ਵੱਖ ਖਿੱਤਿਆਂ ਦੇ ਸਭਿਆਚਾਰ ਇੱਕ ਦੂਜੇ ਤੋਂ ਕਟੇ ਹੋਏ ਨਹੀਂ ਰਹਿ ਸਕਦੇ ਅਤੇ ਆਪਸੀ ਆਦਾਨ ਪ੍ਰਦਾਨ ਨੇ ਸਭਿਆਚਾਰ ਦੇ ਵਿਸ਼ਵੀਕਰਨ ਵੱਲ ਵਧਣਾ ਹੀ ਵਧਣਾ ਹੈ ਚਾਹੇ ਇਸਤੋਂ ਕਿਸੇ ਨੂੰ ਖੁਸ਼ੀ ਹੋਵੇ ਚਾਹੇ ਨਾ। ਇਵੇਂ ਜੋ ਪੁਰਾਤਨ ਸਮੇਂ ਵਿੱਚ ਸਭਿਆਚਾਰਕ ਬੰਧੇਜ ਬਣੇ ਉਹ ਉਸ ਦੌਰ ਦੇ ਮਨੁੱਖ ਦੀਆਂ ਕੁਦਰਤੀ ਅਤੇ ਪਦਾਰਥਕ ਸੀਮਤਾਈਆਂ ਵਿਚੋਂ ਉਪਜੇ ਤਾਂ ਜੋ ਉਨ੍ਹਾਂ ਮਨੁੱਖੀ ਸੀਮਤਾਈਆਂ ਨੂੰ ਮਾਨਸਿਕ ਤੌਰ ਤੇ ਸਹਿਣਯੋਗ ਬਣਾਇਆ ਜਾ ਸਕੇ। ਜਦ ਮਨੁੱਖੀ ਤਰੱਕੀ ਨਾਲ ਉਨ੍ਹਾਂ ਸੀਮਤਾਈਆਂ ਉੱਤੇ ਕਾਬੂ ਪਾ ਲਿਆ ਜਾਂਦਾ ਹੈ ਤਾਂ ਉਹ ਸਭਿਆਚਾਰਕ ਬੰਧੇਜ ਬੇਲੋੜੇ ਹੋਕੇ ਖਤਮ ਹੋਣ ਲਗਦੇ ਹਨ। ਇਸਦੀ ਇੱਕ ਉਘੜਵੀਂ ਉਦਾਹਰਣ ਸੈਕਸ ਕ੍ਰਿਆ ਦੇ ਸਿੱਟੇ ਵਜੋਂ ਅਣਚਾਹੀ ਸੰਤਾਨ ਉਤਪਤੀ ਨੂੰ ਤਕਨੀਕੀ ਢੰਗਾਂ ਨਾਲ ਰੋਕ ਸਕਣ ਦੀ ਸਮਰੱਥਾ ਹਾਸਲ ਹੋ ਜਾਣ ਨਾਲ ਔਰਤ ਮਰਦ ਸਬੰਧਾਂ ਤੋਂ ਅਜਿਹੇ ਬਹੁਤ ਸਾਰੇ ਬੰਧੇਜਾਂ ਦਾ ਢਿੱਲੇ ਪੈ ਜਾਣਾ ਹੈ ਜੋ ਹਰ ਸਭਿਆਚਾਰ ਵਿੱਚ ਬੇਸਹਾਰਾ ਬੱਚਿਆਂ ਦੀ ਬਹੁਤਾਤ ਨੂੰ ਰੋਕਣ ਲਈ ਬਣਾਏ ਗਏ ਸਨ।

ਅਸਲ ਵਿੱਚ ਇਥੋਂ ਦੀ ਭੂਮੀ ਅਤੇ ਤਰ ਗਰਮ ਮੌਸਮ ਕੁਦਰਤੀ ਢੰਗ ਨਾਲ ਕੀਤੀ ਜਾਣ ਵਾਲੀ ਖੇਤੀਬਾੜੀ ਦੇ ਬਹੁਤ ਅਨਕੂਲ ਸੀ। ਖਾਣ ਜੋਗਾ ਕੁਝ ਨਾ ਕੁਝ ਪੈਦਾ ਹੋ ਜਾਂਦਾ ਸੀ ਅਤੇ ਕੱਪੜਿਆਂ ਦੀ ਬਹੁਤੀ ਲੋੜ ਸਰਦੀ ਦੇ ਕੁਝ ਮਹੀਨੇ ਹੀ ਹੁੰਦੀ ਸੀ। ਘੱਟੋ ਘੱਟ ਮਨੁੱਖੀ ਜੀਵਨ ਦੀ ਹੋਂਦ ਨੂੰ ਬਹੁਤਾ ਖਤਰਾ ਨਹੀਂ ਖੜਾ ਹੁੰਦਾ ਸੀ। ਸਿੱਟੇ ਵਜੋਂ ਇਥੋਂ ਦੇ ਬਹੁਤੇ ਲੋਕ 'ਰੱਬ ਦੀਆਂ ਦਿੱਤੀਆਂ' ਖਾਣ ਵਾਲੇ ਪੱਧਰ 'ਤੇ ਹੀ ਜਿਉਂਦੇ ਰਹੇ ਅਤੇ ਇਸ ਦੇ ਅਨੁਸਾਰੀ ਹੀ ਇਥੋਂ ਦਾ ਸਭਿਆਚਾਰ ਵਿਕਸਿਤ

41