ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੱਛਮੀ ਸਭਿਆਚਾਰ ਦੇ ਇਹਨਾਂ ਪੱਖਾਂ ਬਾਰੇ ਸਾਡੀਆਂ ਬਹੁਤੀਆਂ ਧਾਰਨਾਵਾਂ ਇੱਕਪਾਸੜ ਹਨ। ਵਿਅਕਤੀਵਾਦੀ ਮੰਨੇ ਜਾਂਦੇ ਪੱਛਮੀ ਲੋਕ ਅਸਲ ਵਿੱਚ ਸਮਾਜਿਕ ਮਸਲਿਆਂ ਪ੍ਰਤੀ ਜਿੰਨੇ ਚੇਤੰਨ ਹਨ ਉਨੇ ਹੋਰ ਕਿਤੋਂ ਦੇ ਵੀ ਲੋਕ ਨਹੀਂ ਹਨ। ਯੌਰਪੀ ਦੇਸ਼ਾਂ ਦੇ ਲੋਕਾਂ ਨੇ ਇੱਕ ਇੱਕ ਸਮਾਜਿਕ ਮਸਲੇ ਤੇ ਵੱਡੀਆਂ ਲੜਾਈਆਂ ਲੜੀਆਂ ਹਨ; ਭਾਂਵੇਂ ਇਹ ਜਮਹੂਰੀ ਹੱਕਾਂ ਦਾ ਮਸਲਾ ਹੋਵੇ ਅਤੇ ਭਾਵੇਂ ਔਰਤ ਦੀ ਬਰਾਬਰੀ ਦਾ। ਇਸੇ ਕਰਕੇ ਇਹ ਗੱਲਾਂ ਉਨ੍ਹਾਂ ਦੀ ਆਮ ਸੂਝ ਵਿੱਚ ਸ਼ਾਮਲ ਹੋਕੇ ਉਨ੍ਹਾਂ ਦੇ ਸਭਿਆਚਾਰ ਦਾ ਅੰਗ ਬਣ ਗਈਆਂ ਹਨ ਨਾ ਕਿ ਸਾਡੇ ਵਾਂਗੂ ਜਿੱਥੇ ਕੇਵਲ ਗੱਲੀਂ ਬਾਤੀਂ ਹੀ ਕੰਮ ਸਾਰਿਆ ਜਾਂਦਾ ਹੈ। ਇਵੇਂ ਹੁਣ ਉਥੇ ਵਾਤਾਵਰਣ ਦੇ ਮੁੱਦੇ ਤੇ ਬਣੀਆਂ ਗਰੀਨ ਪਾਰਟੀਆਂ ਇੱਕ ਸ਼ਕਤੀ ਬਣ ਕੇ ਉਭਰੀਆਂ ਹਨ ਜੋ ਉਨ੍ਹਾਂ ਲੋਕਾਂ ਦੀ ਅਜਿਹੇ ਸਾਂਝੇ ਮਸਲਿਆਂ ਪ੍ਰਤੀ ਫਿਕਰਮੰਦੀ ਨੂੰ ਜ਼ਾਹਰ ਕਰਦੀ ਹੈ। ਉਨ੍ਹਾਂ ਦੇ ਆਪਣੇ ਦੇਸ਼ਾਂ ਨਾਲ ਸੰਬਧਿਤ ਮਸਲਿਆਂ ਤੋਂ ਇਲਾਵਾ ਦੂਜੇ ਦੇਸ਼ਾਂ ਵਿੱਚ ਹੁੰਦੀਆਂ ਗੈਰ ਮਾਨਵੀ ਘਟਨਾਵਾਂ ਖਿਲਾਫ ਵੀ ਉਨ੍ਹਾਂ ਦੇਸ਼ਾਂ ਦੇ ਲੋਕਾਂ ਵੱਲੋਂ ਆਵਾਜ ਬੁਲੰਦ ਕਰਨ ਦੀਆਂ ਅਨੇਕਾਂ ਸ਼ਾਨਦਾਰ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ।

ਕੁਝ ਸਾਲ ਪਹਿਲਾਂ ਡੈਨਮਾਰਕ ਵਿੱਚ ਸਿਆਸੀ ਪਨਾਹ ਲੈਣ ਆਏ ਸ੍ਰੀਲੰਕਾ ਦੇ ਇੱਕ ਤਾਮਿਲ ਖਾੜਕੂ ਨੂੰ ਡੈਨਿਸ਼ ਸਰਕਾਰ ਦੇ ਆਦੇਸ਼ਾਂ ਤੇ ਲੰਕਾ ਵਾਪਸ ਭੇਜ ਦਿੱਤਾ ਗਿਆ ਜਿੱਥੇ ਉਹ ਸਰਕਾਰੀ ਫੌਜਾਂ ਹੱਥੋਂ ਮਾਰਿਆ ਗਿਆ। ਡੈਨਮਾਰਕ ਦੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਮਸਲਾ ਚੂਕਿਆ ਕਿ ਉਸ ਤਾਮਿਲ ਖਾੜਕੂ ਦੀ ਮੌਤ ਲਈ ਡੈਨਿਸ਼ ਸਰਕਾਰ ਜੁਮੇਂਵਾਰ ਹੈ ਜਿਸਨੇ ਉਸ ਨੂੰ ਮੁੜ ਮੌਤ ਦੇ ਮੂੰਹ ਵਿੱਚ ਧੱਕਿਆ। ਆਖਰ ਇਸਦਾ ਐਨਾ ਸ਼ੋਰ ਮੱਚਿਆ ਕਿ ਸਰਕਾਰ ਨੂੰ ਅਸਤੀਫਾ ਦੇਣਾ ਪਿਆ। ਇਹ ਉਸੇ ਯੌਰਪ ਦੀ ਗੱਲ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਉਸਦਾ ਸਭਿਆਚਾਰ ਬੰਦੇ ਨੂੰ

45