ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ ਆਪ ਤੱਕ ਸੀਮਿਤ ਕਰ ਦਿੰਦਾ ਹੈ। (ਉਪਰੋਕਤ ਉਦਾਹਰਣ ਸ਼੍ਰੀ ਹਰਭਜਨ ਹਲਵਾਰਵੀ ਦੇ ਸਫ਼ਰਨਾਮੇ ਵਿਚੋਂ ਲਈ ਗਈ ਹੈ।) ਇਸ ਪੱਖੋਂ ਫਰਾਂਸ ਦੇ ਲੋਕਾਂ ਬਾਰੇ ਤਾਂ ਟੋਟਕਾ ਬਣਿਆ ਹੋਇਆ ਹੈ ਕਿ ਠੰਢੀ ਹਵਾ ਅਫਰੀਕਾ ਵਿੱਚ ਚੱਲੇ ਤਾਂ ਜ਼ੁਕਾਮ ਫਰਾਂਸੀਸੀਆਂ ਨੂੰ ਹੋ ਜਾਂਦਾ ਹੈ। ਇਥੇ ਗੱਲ ਯੂਰਪੀ ਲੋਕਾਂ ਦੇ ਸਭਿਆਚਾਰ ਦੀ ਹੈ ਨਾ ਕਿ ਉਥੋਂ ਦੀਆਂ ਸਰਕਾਰਾਂ ਦੀ।

ਇਸ ਦੇ ਮੁਕਾਬਲੇ ਸਾਡੇ ਦੇਸ਼ ਦੇ ਲੋਕਾਂ ਦੇ ਸਮਾਜਿਕ ਸਰੋਕਾਰ ਅਤੇ ਭਾਈਚਾਰੇ ਦੇ ਮੋਹ ਪਿਆਰ ਵਿੱਚ ਬੱਝੇ ਲੋਕ ਕੀ ਕਰਦੇ ਹਨ? ਉਹ ਸਾਰਾ ਦਿਨ ਇਹ ਨੋਟ ਕਰਦੇ ਰਹਿਣਗੇ ਕਿ ਫਲਾਏ ਦੇ ਘਰ ਕੌਣ ਆਉਂਦਾ ਹੈ, ਉਹ ਕੀ ਕਰਦਾ ਹੈ? ਕਿਤੇ ਸਭਿਆਚਾਰ ਤਾਂ 'ਖਰਾਬ' ਨਹੀਂ ਕਰ ਰਿਹਾ? ਕੀਹਦੇ ਕੋਈ ਬਿਮਾਰ ਪਿਆ ਹੈ, ਕਿਤੇ ਉਹਦਾ ਪਤਾ ਲੈਣੋ ਨਾ ਰਹਿ ਜਾਈਏ, (ਮਰੀਜ ਦੀ ਸੰਭਾਲ ਨਾਲੋਂ ਪਤਾ ਲੈਣ ਵਾਲਿਆਂ ਦੇ ਚਾਹ ਪਾਈ ਦਾ ਕੰਮ ਵੱਡਾ ਬਣਿਆ ਰਹਿੰਦਾ ਹੈ) ਇਵੇਂ ਕਿਸੇ ਦੇ ਵਿਆਹ ਮਰਨੇ ਦੌਰਾਨ ਕੋਈ ਰਸਮ ਰਿਵਾਜ ਹੋਣ ਤੋਂ ਨਾ ਰਹਿ ਜਾਵੇ, ਜੇ ਰਹਿ ਜਾਵੇ ਤਾਂ ਫਿਰ ਉਸਦੀਆਂ ਚਿੱਥ ਚਿੱਥ ਕੇ ਗੱਲਾਂ ਕੀਤੀਆਂ ਜਾਣ।ਇਹੋ ਜਿਹੇ 'ਸਮਾਜਕ ਕਾਰਜ' ਸਾਡੇ ਸਭਿਆਚਾਰ ਦਾ ਖਾਸ ਅੰਗ ਹਨ ਜੋ ਨਾ ਸਮਾਜ ਦਾ ਅਤੇ ਨਾ ਵਿਅਕਤੀ ਦਾ ਕੱਖ ਸੁਆਰਦੇ ਹਨ। ਸੋ ਇਹੋ ਜਿਹੀ ਸਮਾਜਕਿਤਾ ਨਾਲੋਂ ਪੱਛਮੀ ਵਿਅਕਤੀਵਾਦਿਤਾ ਸੌ ਗੁਣਾਂ ਚੰਗੀ ਹੈ।

ਬਾਕੀ ਕਬੀਲਾਦਾਰੀ ਦੌਰ ਵਿੱਚ ਵਿਅਕਤੀ ਦੇ ਮੁਕਾਬਲੇ ਕਬੀਲੇ ਦੇ ਹਿਤ ਪ੍ਰਮੁੱਖ ਹੁੰਦੇ ਸਨ ਅਤੇ ਜਾਗੀਰਦਾਰੀ ਦੌਰ ਵਿੱਚ ਸਾਂਝੇ ਪਰਿਵਾਰ ਦੇ ਹਿਤ ਵੱਡੇ ਮੁੰਨੇ ਜਾਂਦੇ ਰਹੇ ਹਨ। ਇਨ੍ਹਾਂ ਦੌਰਾਂ ਵਿੱਚ ਵਿਅਕਤੀ ਦੀਆਂ ਨਿੱਜੀ ਖਾਹਿਸ਼ਾਂ, ਰੀਝਾਂ ਅਕਸਰ ਕਬੀਲੇ ਜਾਂ ਪਰਿਵਾਰ ਦੇ ਹਿਤਾਂ ਅੱਗੇ ਬਲੀ ਚੜ੍ਹਦੀਆਂ ਰਹਿੰਦੀਆਂ ਸਨ।

46