ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘੇਰੇ ਤੱਕ ਚਲੇ ਜਾਂਦੇ ਹਨ। ਵਿਆਹੋਂ ਪਹਿਲੇ ਅਤੇ ਵਿਆਹੋਂ ਬਾਹਰੇ ਸਬੰਧ ਪਹਿਲਾਂ ਵੀ ਹੁੰਦੇ ਸਨ, ਫਰਕ ਸਿਰਫ ਐਨਾ ਹੈ ਉਸ ਵਕਤ ਮਿਲਣ ਜੁਲਣ ਦੇ ਮੌਕੇ ਘੱਟ ਹੁੰਦੇ ਸਨ, ਅਣਚਾਹਿਆ ਗਰਭ ਠਹਿਰਣ ਦੀ ਮੁਸ਼ਕਿਲ ਬਹੁਤ ਵੱਡੀ ਸੀ, ਥੋੜ੍ਹੇ ਆਨੰਦ ਦੇ ਇਵਜ਼ਾਨੇ ਵਿੱਚ ਸਮਾਜਿਕ ਪੱਖੋਂ ਦੁੱਖ ਵਧੇਰੇ ਝੱਲਣਾ ਪੈਂਦਾ ਸੀ, ਸੋ ਇਹ ਗਿਣਤੀ ਪੱਖੋਂ ਘੱਟ ਸੀ; ਅੱਜ ਉਪਰੋਕਤ ਹਾਲਤਾਂ ਬਦਲਣ ਨਾਲ ਇਹ ਵੱਧ ਜਾਹਰਾ ਹੋ ਗਏ ਹਨ। ਇਹ ਐਂਵੇ ਗੱਲਾਂ ਹੀ ਬਣੀਆਂ ਹੋਈਆਂ ਹਨ ਪਹਿਲਾਂ ਨੌਜਵਾਨ ਪਿੰਡ ਦੀ ਹਰ ਕੁੜੀ ਨੂੰ ਭੈਣ ਕਰਕੇ ਵੇਖਦੇ ਸਨ। ਇਵੇਂ ਪਹਿਲਾਂ ਲੋਕੀਂ ਮੇਲਿਆਂ ਦੇ ਅਖੀਰ ਵਿੱਚ ਡਾਂਗਾਂ ਨਾਲ ਇੱਕ ਦੂਜੇ ਦਾ ਸਿਰ ਪਾੜਦੇ ਸਨ ਹੁਣ ਸਿਆਸੀ ਲੀਡਰਾਂ ਦੇ ਭਾਸ਼ਨੀ ਭੇੜ ਸੁਣ ਕੇ ਮੁੜ ਪੈਂਦੇ ਹਨ, ਤਾਂ ਮਾੜਾ ਕੀ ਹੋ ਗਿਆ? ਪਹਿਲਾਂ ਲਾਗੀ ਕਿਸੇ ਕੁੜੀ ਦਾ ਰਿਸ਼ਤਾ ਕਿਸੇ ਮੁੰਡੇ ਨਾਲ ਪੱਕਾ ਕਰ ਆਉਂਦਾ ਸੀ, ਕੀ ਇਹ ਠੀਕ ਤਰੀਕਾ ਸੀ ਜਾਂ ਹੁਣ ਮੁੰਡੇ ਕੁੜੀ ਵੱਲੋਂ ਇੱਕ ਦੂਜੇ ਨੂੰ ਮਿਲ ਕੇ ਆਪਣਾ ਜੀਵਨ ਸਾਥੀ ਚੁਨਣ ਦਾ ਹੱਕ ਪ੍ਰਾਪਤ ਕਰਨ ਦੀ ਕੋਸ਼ਿਸ ਠੀਕ ਹੈ? ਇਸ ਤਰ੍ਹਾਂ ਦੇ ਸੈਂਕੜੇ ਸਵਾਲ ਹਨ ਜਿਨ੍ਹਾਂ ਬਾਰੇ ਪੁਰਾਤਨ ਸਭਿਆਚਾਰ ਦੇ ਰਖਵਾਲਿਆਂ ਨੂੰ ਸੋਚਣ ਦੀ ਲੋੜ ਹੈ।

ਅਖਬਾਰੀ ਲੇਖਾਂ ਵਿੱਚ ਭਾਵੁਕ ਢੰਗ ਨਾਲ ਲਿਖਿਆ ਜਾ ਰਿਹਾ ਹੈ ਕਿ ਜਿਹੜੀਆਂ ਕੌਮਾਂ ਆਪਣਾ ਸਭਿਆਚਾਰ ਛੱਡ ਦਿੰਦੀਆਂ ਹਨ ਉਹ ਜਿਉਂਦੀਆਂ ਨਹੀਂ ਰਹਿੰਦੀਆਂ। ਗੱਲ ਬੜੀ ਜੋਰਦਾਰ ਲਗਦੀ ਹੈ ਪਰ ਅਸਲੀਅਤ ਇਹ ਹੈ ਕਿ ਜਿਹੜੀ ਕੌਮ ਸਭਿਆਚਾਰ ਨੂੰ ਤਬਦੀਲ ਨਾ ਹੋਣ ਦੇਵੇ ਉਹ ਜਿਉਂਦੀ ਨਹੀਂ ਰਹਿੰਦੀ, ਬਲਕਿ ਵਧੇਰੇ ਠੀਕ ਤਾਂ ਇਹ ਹੈ ਕਿ ਉਹ ਕੌਮ ਜਿਉਂਦੀ ਹੀ ਨਹੀਂ ਹੁੰਦੀ।

49