ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਤੇ ਆਰੋਪਿਤ ਹੋ ਰਿਹਾ ਹੈ ਅਸਲ ਵਿੱਚ ਕੇਵਲ ਅਮਰੀਕਨ ਕਦਰਾਂ ਕੀਮਤਾਂ ਵਾਲਾ ਸਭਿਆਚਾਰ ਹੈ। ਇਹ ਨਵੀਆਂ ਤਕਨੀਕੀ ਪਦਾਰਥਕ ਹਾਲਤਾਂ ਵਿੱਚੋਂ ਉਪਜਿਆ ਕੇਵਲ ਇੱਕ ਰੂਪ ਹੈ ਪਰ ਇਹ ਸਾਡੇ ਅੱਗੇ ਇੱਕੋ ਇੱਕ ਸੰਭਵ ਰੂਪ ਵਜੋਂ ਪੇਸ਼ ਹੋ ਰਿਹਾ ਹੈ। ਅਸਲ ਵਿਸ਼ਵ ਸਭਿਆਚਾਰ ਹਰ ਸਭਿਆਚਾਰ ਦੇ ਉਹਨਾਂ ਅੰਸ਼ਾਂ ਦੇ ਸੁਮੇਲ ਵਿੱਚੋਂ ਨਿਕਲੇਗਾ ਜਿਹੜੇ ਅੰਸ਼ ਨਵੇਂ ਤਕਨੀਕੀ ਯੁੱਗ ਦੇ ਅਨੁਸਾਰੀ ਹੋਣਗੇ।

ਆਰਥਿਕ, ਸਮਾਜਿਕ ਜਾਂ ਰਾਜਨੀਤਕ ਪੱਖ ਤੋਂ ਨਵੇਂ ਤਕਨੀਕੀ ਯੁੱਗ ਦੇ ਅਨੁਸਾਰੀ ਹੋਣ ਦਾ ਅਰਥ ਪੂੰਜੀਵਾਦੀ ਪ੍ਰਬੰਧ ਖੜਾ ਕਰਨਾ ਨਹੀਂ ਹੈ। ਅਜੋਕੇ ਤਕਨੀਕੀ ਯੁੱਗ ਵਿੱਚ ਪੈਦਾਵਾਰ ਦੇ ਢੰਗ, ਪੈਦਾਵਾਰ ਦੀ ਵੰਡ ਅਤੇ ਪੈਦਾਵਾਰੀ ਰਿਸ਼ਤਿਆਂ ਦਾ ਇੱਕ ਪੈਟਰਨ ਪੂੰਜੀਵਾਦੀ ਪੈਟਰਨ ਹੈ। ਪਰ ਨਵੀਂ ਤਕਨੀਕ ਦੇ ਅਨੁਸਾਰੀ ਪੈਦਾਵਾਰੀ ਢੰਗ, ਪੈਦਾਵਾਰੀ ਵੰਡ ਅਤੇ ਪੈਦਾਵਾਰੀ ਰਿਸ਼ਤਿਆਂ ਦੇ ਹੋਰ ਪੈਟਰਨ ਵੀ ਹੋ ਸਕਦੇ ਹਨ। ਸੋ ਜੋ ਵਿਸ਼ਵ ਪੱਧਰੀ ਸਭਿਆਚਾਰ ਉਸਰਨਾ ਹੈ ਉਹ ਨਵੀਂ ਤਕਨਾਲੋਜੀ ਦੇ ਯੁੱਗ ਦੇ ਅਨੁਸਾਰੀ ਹੋਵੇਗਾ ਨਾ ਕਿ ਕੇਵਲ ਪੂੰਜੀਵਾਦੀ ਪ੍ਰਬੰਧ ਦੇ ਅਨੁਸਾਰੀ ਹੋਵੇਗਾ। ਹਾਂ ਇਹ ਜਰੂਰ ਹੈ ਕਿ ਨਵੀਂ ਤਕਨਾਲੋਜੀ ਦੇ ਯੁੱਗ ਵਿੱਚ ਖੇਤੀ ਪ੍ਰਧਾਨ ਦੌਰ ਦਾ ਸਭਿਆਚਾਰ, ਚਰਵਾਹਿਆਂ ਦਾ ਸਭਿਆਚਾਰ, ਸ਼ਿਕਾਰੀਆਂ ਦਾ ਸਭਿਆਚਾਰ ਕਾਇਮ ਨਹੀਂ ਰਹਿ ਸਕਦਾ। ਨਵੇਂ ਵਿਸ਼ਵ ਸਭਿਆਚਾਰ ਵਿੱਚ ਪਿਛਲੇਰੇ ਦੌਰਾਂ ਦੇ ਜੋ ਵੀ ਸਭਿਆਚਾਰਕ ਅੰਸ਼ ਸ਼ਾਮਲ ਹੋਣਗੇ ਉਹ ਰੂਪਾਂਤਰਿਤ ਸ਼ਕਲ ਵਿੱਚ ਹੀ ਸ਼ਾਮਲ ਹੋ ਸਕਣਗੇ। ਜੇ ਜਿੰਦਗੀ ਦੀ ਰਫ਼ਤਾਰ ਤੇਜ ਹੋਈ ਹੈ ਤਾਂ ਸੰਗੀਤ ਵੀ ਤੇਜ ਹੋਵੇਗਾ, ਨਾਚ ਵੀ ਤੇਜ ਹੋਵੇਗਾ, ਖੇਡਾਂ ਵੀ ਤੇਜ਼ ਰਫ਼ਤਾਰ ਹੋਣਗੀਆਂ। ਹੀਰ ਦੀਆਂ ਹੇਕਾਂ ਬਲਦਾਂ ਮਗਰ ਹੀ ਚਲਦਿਆਂ ਲੱਗ ਸਕਦੀਆਂ ਹਨ,

59