ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟਰੈਕਟਰ 'ਤੇ ਫਿੱਟ ਕੀਤੀ ਟੇਪ ਰਿਕਾਰਡਰ ਤਾਂ ਮਿਸ ਪੂਜਾ ਹੀ ਗਾਵੇਗੀ। ਜੇ ਗਿੱਧਾ, ਭੰਗੜਾ ਡਿਸਕੋ ਦਾ ਮੁਕਾਬਲਾ ਕਰਦੇ ਹੋਏ ਨਵੇਂ ਸਭਿਆਚਾਰ ਵਿੱਚ ਮਾਣਯੋਗ ਥਾਂ ਬਣਾਈ ਬੈਠੇ ਹਨ ਤਾਂ ਕਾਰਨ ਇਹੀ ਹੈ ਕਿ ਆਪਣੇ ਨਵੇਂ ਰੂਪ ਵਿੱਚ ਇਹ ਤਕਨੀਕੀ ਯੁੱਗ ਦੀ ਮਾਨਸਿਕਤਾ ਦੇ ਅਨੁਸਾਰੀ ਹਨ। ਹੋਰ ਤਾਂ ਹੋਰ ਆਧੁਨਿਕ ਖੇਡ ਕ੍ਰਿਕਟ ਨੂੰ ਵੀ ਟੈਸਟ ਮੈਚਾਂ ਦੀ ਲਮਕਾ ਲਮਕਾਈ ਛੱਡ ਕੇ 'ਵਨ-ਡੇ' ਹੋਣਾ ਪੈ ਰਿਹਾ ਹੈ।

ਕੋਈ ਵੀ ਸਭਿਆਚਾਰ ਅੰਤਮ ਸਭਿਆਚਾਰ ਨਹੀਂ ਹੁੰਦਾ ਅਤੇ ਨਾ ਹੀ ਕੋਈ ਸਭਿਆਚਾਰ ਸੰਪੂਰਨ ਤੌਰ ਤੇ ਆਦਰਸ਼ਕ ਹੁੰਦਾ ਹੈ। ਵਿਸੰਗਤੀਆਂ ਤੋਂ ਰਹਿਤ ਕੋਈ ਮਸ਼ੀਨੀ ਜ਼ਾਬਤਾ ਹੀ ਹੋ ਸਕਦਾ ਹੈ ਮਨੁੱਖੀ ਸਭਿਆਚਾਰ ਨਹੀਂ। ਸਮੁੱਚੇ ਸਭਿਆਚਾਰ ਨੂੰ ਜੀਵਨ ਵਿੱਚ ਨਹੀਂ ਸਾਂਭਿਆ ਜਾ ਸਕਦਾ, ਸਿਰਫ਼ ਇਹੀ ਕੀਤਾ ਜਾ ਸਕਦਾ ਹੈ ਅਤੇ ਇਹੀ ਕਰਨਾ ਚਾਹੀਦਾ ਹੈ ਕਿ ਹੁਣ ਤੱਕ ਦੇ ਸਭਿਆਚਾਰਕ ਵਿਕਾਸ ਵਿੱਚੋਂ ਕਮਾਏ ਗਏ ਚੰਗੇ ਪੱਖਾਂ ਨੂੰ ਨਵੀਆਂ ਹਾਲਤਾਂ, ਭਾਵ ਨਵੀਆਂ ਤਕਨੀਕੀ ਹਾਲਤਾਂ, ਦੇ ਅਨੁਸਾਰੀ ਬਣਾ ਕੇ ਅੱਗੇ ਲਿਜਾਇਆ ਜਾਵੇ ਅਤੇ ਆ ਰਹੇ ਸਭਿਅਚਾਰ ਦੇ ਮਾੜੇ ਪੱਖਾਂ ਨੂੰ ਦਬਾਇਆ ਜਾਵੇ। ਤਕਨੀਕ ਦੇ ਅਨੁਸਾਰੀ ਹੋਣ ਦਾ ਅਰਥ ਤਕਨੀਕ ਦਾ ਗੁਲਾਮ ਹੋਣਾ ਨਹੀਂ ਹੈ। ਮਨੁੱਖੀ ਸਭਿਆਚਾਰਕ ਵਿਕਾਸ ਦਾ ਠੀਕ ਰਾਹ ਮਨੁੱਖ ਦੀ ਕੁਦਰਤ ਉਤੇ ਸਰਦਾਰੀ ਤੋਂ ਤਕਨੀਕ ਉਤੇ ਸਰਦਾਰੀ ਵਾਲਾ ਹੋਣਾ ਚਾਹੀਦਾ ਹੈ ਨਾ ਕਿ ਕੁਦਰਤ ਦੀ ਗੁਲਾਮੀ ਤੋਂ ਤਕਨੀਕ ਦੀ ਗੁਲਾਮੀ ਵੱਲ।

60