ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੱਢ ਕੇ ਵਿਸ਼ਾਲਤਾ ਪ੍ਰਦਾਨ ਕਰਦੀਆਂ ਹਨ। ਦੂਜੇ ਪਾਸੇ ਗਿਆਨ ਸਾਹਿਤ ਮਨੁੱਖ ਦੀ ਪਦਾਰਥਕ ਤਰੱਕੀ ਲਈ ਆਧਾਰ ਪ੍ਰਦਾਨ ਕਰਦਾ ਹੈ।

ਕਿਤਾਬ ਪੜ੍ਹਨ ਨਾਲ ਮਨੁੱਖ ਜਿਸ ਬੌਧਿਕ ਪ੍ਰਕਿਰਿਆ ਵਿਚੋਂ ਲੰਘਦਾ ਹੈ ਉਹ ਹੋਰ ਕਿਸੇ ਮਾਧਿਅਮ ਨਾਲ ਸੰਭਵ ਨਹੀਂ ਹੁੰਦੀ। ਟੈਲੀਵੀਜ਼ਨ ਜਾਂ ਫਿਲਮ ਵੇਖਣ ਵੇਲੇ ਸਾਡੀਆਂ ਸਾਰੀਆਂ ਗਿਆਨ ਇੰਦਰੀਆਂ ਉਸਦੀ ਗ੍ਰਿਫਤ ਵਿੱਚ ਆ ਜਾਂਦੀਆਂ ਹਨ। ਸਾਡਾ ਦਿਮਾਗ ਕੁਝ ਹੋਰ ਸੋਚਣ ਸਮਝਣ ਲਈ ਆਜਾਦ ਨਹੀਂ ਰਹਿੰਦਾ, ਪੇਸ਼ ਹੋ ਰਹੀਆਂ ਸੂਚਨਾਵਾਂ ਨੂੰ ਸਿਰਫ ਗ੍ਰਹਿਣ ਕਰਨ ਵਾਲਾ ਯੰਤਰ ਹੀ ਬਣ ਕੇ ਰਹਿ ਜਾਂਦਾ ਹੈ। ਜਦ ਕਿ ਕਿਤਾਬ ਪੜ੍ਹਦੇ ਸਮੇਂ ਮਨੁੱਖ ਪੜ੍ਹੇ ਜਾ ਰਹੇ ਸ਼ਬਦਾਂ ਵਿਚੋਂ ਆਪਣੇ ਦਿਮਾਗ ਵਿੱਚ ਚਿੱਤਰ ਸਾਕਾਰ ਕਰਦਾ ਹੈ, ਕਿਤਾਬ ਵਿੱਚ ਕਹੀਆਂ ਗੱਲਾਂ ਨੂੰ ਆਪਣੇ ਅਰਥ ਪ੍ਰਦਾਨ ਕਰਦਾ ਹੈ, ਇਸ ਤਰ੍ਹਾਂ ਇੱਕ ਬੌਧਿਕ ਸਰਗਰਮੀ ਵਿੱਚ ਪੈਂਦਾ ਹੈ। ਇਸੇ ਕਰਕੇ ਕਿਤਾਬ ਪੜ੍ਹਨ ਦੇ ਆਨੰਦ ਦੀ, ਇਸਦੇ ਮਨੁੱਖ ਮਨ ਉਤੇ ਪੈਂਦੇ ਪ੍ਰਭਾਵਾਂ ਦੀ ਕਿਸੇ ਹੋਰ ਚੀਜ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਸੋ ਕਿਤਾਬ ਦੀ ਥਾਂ ਕੋਈ ਹੋਰ ਵਸਤੂ ਨਹੀਂ ਲੈ ਸਕਦੀ, ਕਿਤਾਬ ਨਵੇਂ ਰੂਪ ਵਿੱਚ ਜਰੂਰ ਆ ਸਕਦੀ ਹੈ।

ਉਂਜ ਹਰ ਹੋਰ ਵਰਤਾਰੇ ਵਾਂਗ ਕਿਤਾਬਾਂ ਦੇ ਵੀ ਦੋਹਵੇਂ ਪੱਖ ਹਨ। ਕੁਝ ਕਿਤਾਬਾਂ ਪੁਰਾਣੇ ਵਿਚਾਰਾਂ ਨੂੰ ਪੱਕਿਆਂ ਕਰਨ ਅਤੇ ਸਥਿਤੀਆਂ ਨੂੰ ਜਿਉਂ ਦਾ ਤਿਉਂ ਰੱਖਣ ਵਿੱਚ ਵੀ ਸਹਾਈ ਹੁੰਦੀਆਂ ਹਨ। ਧਾਰਮਿਕ ਪੁਸਤਕਾਂ ਆਮ ਕਰਕੇ ਅਜਿਹਾ ਰੋਲ ਹੀ ਕਰਦੀਆਂ ਹਨ। ਜਦ ਕਿ ਕੁਝ ਪੁਸਤਕਾਂ ਜੜ੍ਹ ਹੋਈ ਸੋਚ ਨੂੰ ਹਿਲਾ ਕੇ ਨਵੇਂ ਦਿਸਹੱਦੇ ਖੋਲ੍ਹਦੀਆਂ ਹਨ। ਚਾਰਲਸ ਡਾਰਵਿਨ ਦੀ ਕਿਤਾਬ 'ਜੀਵ ਜਾਤੀਆਂ ਦਾ

67