ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਕੁਦਰਤੀ ਸੋਮਿਆਂ ਨੂੰ ਵਰਤ ਕੇ ਸਮੁੱਚੀ ਮਨੁੱਖ ਜਾਤੀ ਦਾ ਜੀਵਨ ਵਧੀਆ ਬਨਾਉਣ ਦੀ ਵੀ ਲੋੜ ਹੈ ਅਤੇ ਕੁਝ ਲੋਕਾਂ ਦੀਆਂ ਸਨਕਾਂ ਨੂੰ ਪੂਰਾ ਕਰਨ ਖਾਤਰ ਕੀਤੇ ਜਾ ਰਹੇ ਵਾਤਾਵਰਣ ਦੇ ਉਜਾੜੇ ਲਈ ਤਕਨੀਕ ਦੀ ਵਰਤੋਂ ਨੂੰ ਠੱਲ੍ਹ ਪਾਉਣ ਲਈ ਵੀ ਕੁਝ ਕਰਨ ਦੀ ਜਰੂਰਤ ਹੈ।

ਕੁਦਰਤ ਪ੍ਰਤੀ ਤਰਕਸ਼ੀਲ ਪਹੁੰਚ -

ਕੁਦਰਤ ਪ੍ਰਤੀ ਤਰਕਸ਼ੀਲ ਪਹੁੰਚ ਤਿਆਗਵਾਦ ਅਤੇ ਖਪਤਵਾਦ ਦੋਹਵਾਂ ਨੂੰ ਰੱਦ ਕਰਦੀ ਹੈ। ਹਰ ਬੰਦੇ ਕੋਲ ਕਾਰ ਹੋਣ ਦਾ ਸੁਪਨਾ ਕਿਸੇ ਰਤਨ ਟਾਟਾ ਦਾ ਤਾਂ ਹੋ ਸਕਦਾ ਹੈ, ਤਰਕਸ਼ੀਲ ਵਿਅਕਤੀ ਦਾ ਨਹੀਂ (ਕਿਉਂਕਿ ਇਸ ਨਾਲ ਪੈਟਰੋਲ ਦੇ ਖਾਤਮੇ ਤੋਂ ਇਲਾਵਾ ਸੜਕਾਂ ਉੱਤੇ ਜਾਮ ਲੱਗ ਜਾਣਗੇ) ਅਸੀਂ ਹਨੇਰੇ ਘਰਾਂ ਨੂੰ ਬਿਜਲੀ ਨਾਲ ਰੁਸ਼ਨਾਉਣਾ ਚਾਹੁੰਦੇ ਹਾਂ ਪਰ ਮਾਲਜ਼, ਸੁਪਰ-ਸਟੋਰਾਂ ਅਤੇ ਵੱਡੇ ਹੋਟਲਾਂ ਵਿੱਚ ਚਮਕਦੀਆਂ ਅਥਾਹ ਰੋਸ਼ਨੀਆਂ ਅਤੇ ਏ. ਸੀ. ਹਾਲਾਂ ਰਾਹੀਂ ਇਸ ਨੂੰ ਬਰਬਾਦ ਹੁੰਦੀ ਨਹੀਂ ਦੇਖਣਾ ਚਾਹੁੰਦੇ। ਸੰਘਣੀ ਖੇਤੀ ਕਰਨ ਨਾਲ ਜ਼ਮੀਨ ਵਿੱਚ ਘਟੇ ਤੱਤਾਂ ਦੀ ਪੂਰਤੀ ਕਰਨ ਲਈ ਰਸਾਇਣਕ ਖਾਦਾਂ ਦੀ ਜਰੂਰਤ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਖੇਤੀ ਵਿੱਚ ਵਿਗਿਆਨਕ ਵਿਧੀਆਂ ਅਪਣਾਕੇ ਉਪਜ ਹੋਰ ਵਧਾਉਣ ਦੀ ਲੋੜ ਹੈ ਪਰ ਖੇਤੀ ਕੰਪਨੀਆਂ ਵੱਲੋਂ ਡੀਲਰਾਂ ਤੋਂ ਲੈ ਕੇ ਮੰਤਰੀਆਂ ਤੱਕ ਪੈਸਿਆਂ ਦੀਆਂ ਥੈਲੀਆਂ ਪਹੁੰਚਾਕੇ ਜਿਵੇਂ ਬੇਲੋੜੇ ਕੀਟਨਾਸ਼ਕਾਂ ਅਤੇ ਹੋਰ ਤੱਤਾਂ ਦੀ ਵਰਤੋਂ ਲਈ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਉਸ ਤੋਂ ਸੁਚੇਤ ਹੋਣਾ ਚਾਹੀਦਾ ਹੈ।

89