ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਿਹਾ ਹੈ ਜੋ ਸਰਕਾਰੀ ਕੰਮ ਕਾਜ ਵਿੱਚ ਅੰਗਰੇਜੀ ਵਰਤ ਜਾਂਦੇ ਹਨ ; ਦੂਜੇ ਪਾਸੇ ਆਮ ਪੰਜਾਬੀ ਆਪਣੇ ਬੱਚਿਆਂ ਨੂੰ ਅੰਗਰੇਜੀ ਵਿੱਚ ਨਿਪੁੰਨ ਬਨਾਉਣ ਵਾਲੇ ਸਕੂਲਾਂ ਵਿੱਚ ਦਾਖਲੇ ਦਿਵਾਉਂਦੇ ਹਨ (ਬਹੁਤੇ ਲੇਖਕ ਵੀ ਆਪਣੇ ਪੁੱਤ, ਪੋਤਿਆਂ ਨੂੰ ਅੰਗਰੇਜੀ ਸਕੂਲਾਂ ਵਿੱਚ ਦਾਖਲ ਕਰਵਾਉਂਦੇ ਹਨ), ਸਾਰੇ ਪੰਜਾਬ ਦੀ ਜਵਾਨੀ ਆਈਲੈੱਟਸ ਕੋਚਿੰਗ ਸੈਂਟਰਾਂ ਵਿੱਚ ਅੰਗਰੇਜੀ ਬੋਲਣ, ਲਿਖਣ ਅਤੇ ਸਮਝਣ ਲਈ ਮੱਥਾ ਮਾਰ ਰਹੀ ਹੈ, ਹਰ ਆਮ ਆਦਮੀ ਨੂੰ ਪਤਾ ਹੈ ਕਿ ਕੰਪਿਊਟਰ ਵਿੱਚ ਜਿੰਨਾ ਗਿਆਨ, ਸਹੂਲਤ ਅਤੇ ਰੁਜ਼ਗਾਰ ਹੈ ਉਹ ਅੰਗਰੇਜ਼ੀ ਦੇ ਗਿਆਨ ਬਿਨਾਂ ਨਹੀਂ ਆ ਸਕਦਾ, ਉਹਨਾਂ ਨੂੰ ਇਹ ਵੀ ਪਤਾ ਹੈ ਕਿ ਅੰਗਰੇਜੀ ਨਾ ਜਾਣਨ ਵਾਲਾ ਅਨਪੜ੍ਹਾਂ ਵਰਗਾ ਹੀ ਰਹਿ ਜਾਂਦਾ ਹੈ।

ਸਭ ਤੋਂ ਪਹਿਲਾਂ ਲੇਖਕਾਂ ਨੂੰ ਇਹ ਸਚਾਈਆਂ ਜਾਣਨ ਦੀ ਲੋੜ ਹੈ ਕਿ ਭਾਸ਼ਾਵਾਂ ਸਜਾਵਾਂ ਨਾਲ ਲਾਗੂ ਨਹੀਂ ਹੁੰਦੀਆਂ, ਕਿ ਪੰਜਾਬੀ ਗਿਆਨ ਵਿਗਿਆਨ ਅਤੇ ਰੁਜ਼ਗਾਰ ਦੀ ਭਾਸ਼ਾ ਬਣਨ ਤੋਂ ਪਛੜੀ ਹੋਈ ਹੈ, ਕਿ ਅੰਗਰੇਜੀ ਤੋਂ ਬਿਨਾਂ ਤੁਸੀਂ ਬਾਕੀ ਸੰਸਾਰ ਤੋਂ ਅਲੱਗ ਥਲੱਗ ਪੈ ਜਾਂਦੇ ਹੋ ਅਤੇ ਇਹ ਵੀ ਕਿ ਪੰਜਾਬੀ ਨੂੰ ਕੰਪਿਊਟਰ ਯੁੱਗ ਦੇ ਹਾਣ ਦੀ ਬਨਾਉਣ ਦੀ ਲੋੜ ਹੈ।

ਸੋਚਣ ਦੀ ਗੱਲ ਇਹ ਹੈ ਕਿ ਆਮ ਪੰਜਾਬੀਆਂ ਦੀਆਂ ਲੋੜਾਂ ਕੀ ਹਨ ਜਿਨ੍ਹਾਂ ਕਰਕੇ ਉਹ ਅੰਗਰੇਜੀ ਨੂੰ ਅਪਨਾਉਣੋ ਪਿੱਛੇ ਨਹੀਂ ਹਟ ਰਹੇ। ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬੀ ਇਸ ਪੰਜਾਬ ਤੱਕ ਸਿਮਟ ਕੇ ਨਹੀਂ ਰਹਿਣਾ ਚਾਹੁੰਦਾ, ਉਹ ਸਾਰੀ ਦੁਨੀਆਂ ਵਿੱਚ ਫੈਲ ਜਾਣਾ ਚਾਹੁੰਦਾ ਹੈ। ਇਸਦੇ ਲਈ ਅੰਗਰੇਜੀ ਦਾ ਗਿਆਨ ਉਸਦੀ ਅਣਸਰਦੀ ਲੋੜ ਹੈ।

98