ਪੰਨਾ:ਗ਼ੁਲਬੀਨ - ਦ ਕਲਾਈਡੋਸਕੋਪ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਵੇਂ ਸਾਰੇ ਆਮ ਨੌਜਵਾਨ ਜਾਣਦੇ ਹਨ ਕਿ ਕੰਪਿਊਟਰ ਦਾ ਹਰ ਖੇਤਰ ਵਿੱਚ ਬਹੁਤ ਮਹੱਤਵ ਹੈ। ਉਹ ਚਾਹੁੰਦੇ ਹਨ ਕਿ ਜੇ ਉਹ ਪੂਰੇ ਸੂਰੇ ਕੰਪਿਊਟਰ ਇੰਜਨੀਅਰ ਨਾ ਬਣ ਸਕਣ ਤਾਂ ਘੱਟੋ ਘੱਟ ਹਰ ਦਫ਼ਤਰ, ਹਰ ਦੁਕਾਨ, ਹਰ ਅਦਾਰੇ ਵਿੱਚ ਜੋ ਕੰਪਿਊਟਰ ਵਰਤੇ ਜਾ ਰਹੇ ਹਨ ਉਹ ਉਹਨਾਂ ਨੂੰ ਚਲਾਉਣ ਦੇ ਯੋਗ ਤਾਂ ਹੋ ਹੀ ਜਾਣ। ਵੈਸੇ ਵੀ ਕੰਪਿਊਟਰ ਨਾਲ ਸੰਬਧਿਤ ਰੁਜ਼ਗਾਰ ਇੱਕ ਸਾਫ ਸੁਥਰਾ ਕੰਮ ਹੈ ਸੋ ਨਵੀਂ ਪੀੜ੍ਹੀ ਨੂੰ ਕੰਪਿਊਟਰ ਬਹੁਤ ਖਿੱਚ ਪਾਉਂਦਾ ਹੈ। ਕੀ ਕੰਪਿਊਟਰ ਵਿਚੋਂ ਅੰਗਰੇਜੀ ਨੂੰ ਕੱਢ ਕੇ ਪੰਜਾਬੀ ਦੀ ਵਰਤੋਂ ਸ਼ੁਰੂ ਕਰਨਾ ਧਰਨੇ ਮਾਰਨ, ਬਿਆਨ ਦੇ ਦੇ ਅਖ਼ਬਾਰ ਭਰਨ, ਪੰਜਾਬੀ ਦੇ ਹੱਕ ਵਿੱਚ ਭਾਵਕ ਲੇਖ ਲਿਖਣ ਜਾਂ ਦਫ਼ਤਰੀ ਕਰਮਚਾਰੀਆਂ ਨੂੰ ਸਜਾਵਾਂ ਦੇ ਕੇ ਸੰਭਵ ਹੋਵੇਗਾ। ਨਹੀਂ, ਇਸਦੇ ਲਈ ਪੰਜਾਬੀ ਦੇ ਵਿਦਵਾਨਾਂ ਨੂੰ ਕੰਪਿਊਟਰ ਦੇ ਖੇਤਰ ਵਿੱਚ ਠੋਸ ਕੰਮ ਕਰਨਾ ਪਵੇਗਾ ਉਦਾਹਰਣ ਵਜੋਂ ਪੰਜਾਬੀ ਵਿੱਚ ਫੌਂਟਸ ਦੇ ਮਿਆਰੀਕਰਨ ਦੀ ਵੱਡੀ ਸਮੱਸਿਆ ਹੈ, ਇਸ ਕਰਕੇ ਜੇ ਤੁਸੀਂ ਕਿਸੇ ਨੂੰ ਪੰਜਾਬੀ ਵਿੱਚ ਈਮੇਲ ਵੀ ਭੇਜਣੀ ਹੈ ਤਾਂ ਪਹਿਲਾਂ ਉਸ ਕੋਲ ਸੰਬਧਿਤ ਫੌਂਟ ਦਾ ਪਤਾ ਕਰਨਾ ਪਵੇਗਾ ਨਹੀਂ ਤਾਂ ਉਥੇ ਤੁਹਾਡੇ ਭੇਜੇ ਗੁਰਮੁਖੀ ਅੱਖਰਾਂ ਦੀ ਬਜਾਇ ਘੁੱਗੂ ਘੋੜੇ ਹੀ ਦਿਸਣਗੇ। ਪੰਜਾਬੀ ਵਿੱਚ ਫੌਂਟਸ ਦੀ ਸਮੱਸਿਆ ਅਜੇ ਵੀ ਕਾਫੀ ਗੰਭੀਰ ਹੈ ਚਾਹੇ ਹੁਣ ਯੂਨੀਕੋਡ ਫੌਂਟਸ ਦੀ ਵਰਤੋਂ ਨਾਲ ਇਸ ਦਾ ਹੱਲ ਦਿਖਾਈ ਦੇਣ ਲੱਗਾ ਹੈ। ਪੰਜਾਬੀ ਵਿੱਚ ਲਗਾਂ ਮਾਤਰਾਂ ਹੋਣ ਕਰਕੇ ਕੰਪਿਊਟਰ ਉਤੇ ਪੰਜਾਬੀ ਦੀ ਵਰਤੋਂ ਕਰਨ ਵਿੱਚ ਬਹੁਤ ਸਾਰੀਆਂ ਤਕਨੀਕੀ ਸਮੱਸਿਆਵਾਂ ਹਨ। ਇੰਟਰਨੈੱਟ ਉੱਤੇ ਗਿਆਨ ਦਾ ਬਹੁਤਾ ਭੰਡਾਰ ਅੰਗਰੇਜੀ ਵਿੱਚ ਹੀ ਹੈ, ਨਵੇਂ ਸਾਫ਼ਟਵੇਅਰ ਅੰਗਰੇਜੀ ਵਿੱਚ ਹੀ ਆਉਣਗੇ,

99