ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਗੋਰਾ ਰੰਗ ਤੇ ਸ਼ਰਬਤੀ ਅੱਖੀਆਂ
ਘੁੰਡ ਵਿਚ ਕੈਦ ਰੱਖੀਆਂ

ਜਾਂਦੇ ਹੋਏ ਜੋਬਨ ਦੀ
ਉੱਡਦੀ ਧੂੜ ਨਜ਼ਰ ਨਾ ਆਵੇ

ਰੱਬਾ ਲੱਗ ਨਾ ਕਿਸੇ ਨੂੰ ਜਾਵੇ
ਗੁੜ ਨਾਲੋਂ ਇਸ਼ਕ ਮਿੱਠਾ

ਯਾਰੀ ਹੱਟੀ ਤੇ ਲਿਖਾ ਕੇ ਲਾਈਏ
ਦਗ਼ੇਦਾਰ ਹੋਗੀ ਦੁਨੀਆਂ

ਜੀਹਨੇ ਅੱਖ ਦੀ ਰਮਜ਼ ਨਾ ਜਾਣੀ
ਮਾਰ ਗੋਲ਼ੀ ਆਸ਼ਕ ਨੂੰ

ਤੇਰੇ ਲੱਗਦੇ ਨੇ ਬੋਲ ਪਿਆਰੇ
ਚੌਕੀਦਾਰਾ ਲੈ ਲੈ ਮਿੱਤਰਾ

ਨਹੀਓਂ ਭੁੱਲਣਾ ਵਿਛੋੜਾ ਤੇਰਾ
ਸਭੋ ਦੁੱਖ ਭੁੱਲ ਜਾਣਗੇ

ਚੰਦ ਕੁਰ ਚੱਕਵਾਂ ਚੁੱਲ੍ਹਾ
ਕਿਤੇ ਯਾਰਾਂ ਨੂੰ ਭੜਾ ਕੇ ਮਾਰੂ

ਤੇਰੀ ਸੱਜਰੀ ਪੈੜ ਦਾ ਰੇਤਾ
ਚੁੱਕ ਚੁੱਕ ਲਾਵਾਂ ਹਿੱਕ ਨੂੰ

ਕਲਜੁਗ ਬੜਾ ਜ਼ਮਾਨਾ ਖੋਟਾ
ਲੋਕ ਦੇਣ ਦੁਹਾਈ
ਊਚ ਨੀਚ ਨਾ ਕੋਈ ਦੇਖੇ
ਕਾਮ ਹਨ੍ਹੇਰੀ ਛਾਈ
ਨਾ ਕੋਈ ਮਾਮੀ ਫੂਫੀ ਦੇਖੇ
ਨਾ ਚਾਚੀ ਨਾ ਤਾਈ
ਨੂੰਹਾਂ ਵੱਲ ਨੂੰ ਸਹੁਰੇ ਝਾਕਣ
ਸੱਸਾਂ ਵਲ ਜਮਾਈ
ਪਾਪੀ ਕਲਜੁਗ ਨੇ
ਉਲਟੀ ਨਦੀ ਚਲਾਈ

ਲੱਛੀ ਤੇਰੇ ਬੰਦ ਨਾ ਬਣੇ
ਮੁੰਡੇ ਮਰਗੇ ਕਮਾਈਆਂ ਕਰਦੇ

ਗਾਉਂਦਾ ਪੰਜਾਬ:: 19