ਪੰਨਾ:ਗੀਤਾਂਜਲੀ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੮੦ਵੀਂ ਕੂੰਜ

ਹੇ ਹਮੇਸ਼ਾ ਰੌਸ਼ਨ ਸੂਰਜ, ਮੈਂ ਠੰਢੇ ਬਦਲ ਦੇ ਉਸ ਬਚੇ ਖੁਚੇ ਟੁਕੜੇ ਵਾਂਗ ਹਾਂ, ਜੋ ਅਕਾਸ਼ ਵਿਚ ਨਿਕੰਮਾ ਭਟਕਦਾ ਫਿਰਦਾ ਹੈ, ਅਜੇ ਤੇਰੇ ਸਪਰਸ਼ ਨੇ ਉਸ ਨੂੰ ਪਿਘਲਾ ਕੇ ਆਪਣੇ ਪ੍ਰਕਾਸ਼ ਦੇ ਨਾਲ ਆਪਣੇ ਵਰਗਾ ਨਹੀਂ ਕੀਤਾ ਇਸਤਰਾਂ ਤੇਰੇ ਨਾਲੋਂ ਵਿਛੜਿਆਂ ਹੋਇਆਂ ਮੈਂ ਮਹੀਨੇ ਅਤੇ ਵਰੇ ਘੜੀਆਂ ਗਿਣ ਗਿਣ ਕੇ ਕੱਟ ਰਿਹਾ ਹਾਂ।

ਜੇ ਏਹੋਂ ਤੇਰੀ ਇਛਾ ਹੈ, ਤੇ ਏਹੋ ਤੇਰਾ ਖੇਲ ਹੈ, ਤਾਂ ਤੂੰ ਮੇਰੇ ਇਸ ਤੁਛ ਪਲ ਭਰ ਵਿਚ ਟੁਟ ਜਾਣ ਵਾਲੀ ਹਸਤੀ ਨੂੰ ਅਨੇਕਾਂ ਰੰਗਾਂ ਵਿਚ ਰੰਗ ਦੇ, ਸੋਨੇ ਨਾਲ ਸੁਨਹਿਰੀ ਕਰ ਦੇ, ਚੰਚਲ ਹਵਾ ਉਤੇ ਇਸ ਛਡ ਦੇਹ ਅਤੇ ਅਨੇਕਾਂ ਹੈਰਾਨ ਕਰਨ ਵਾਲੇ ਰੂਪਾਂ ਵਿਚ ਫੈਲਣ ਦੇਹ।

ਜਦ ਰਾਤ ਨੂੰ ਤੂੰ ਇਹ ਖੇਲ ਖਤਮ ਕਰਨਾ ਹੋਵੇਗਾ ਤਾਂ ਮੈਂ ਅੰਧੇਰੇ ਵਿਚ ਚੰਗੀ ਪ੍ਰਭਾਤ ਦੀ ਮੁਸਜ਼ਾਹਟ ਵਿਚ, ਨਿਰਮਲ ਪਵਿਤ੍ਰਤਾ ਦੀ ਸੀਤਲਤਾ ਵਿਚ ਬਦਲ ਕੇ ਲੁਕ ਜਾਵਾਂਗਾ।

੧੦੩