ਪੰਨਾ:ਗੀਤਾਂਜਲੀ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਣ ਪਛਾਣ

ਮੈਂ ਕਰ ਸਕਦਾ ਹਾਂ ਕਿ ਇਹ ਇਕ ਕਾਮਯਾਬ ਤਰਜਮਾ ਹੈ, ਮੈਂ ਉਰਦੂ ਤੇ ਹਿੰਦੀ ਦੇ ਇਕ ਦੋ ਤਰਜਮੇ ਡਿਠੇ ਹਨ, ਉਨਾਂ ਦੇ ਮੁਕਾਬਲੇ ਤੇ ਸੋਚ ਜੀ ਦਾ ਤਰਜਮਾਂ ਮੈਨੂੰ ਕਿਤੇ ਵਧੇਰੇ ਰਸੀਲਾ ਤੇ ਸੁਰੀਲਾ ਲਗਦਾ ਹੈ, ਇਸ ਦਾ ਇਕ ਕਾਰਣ ਤਾਂ ਸ਼ਾਇਦ ਇਹ ਹੈ ਕਿ ਪੰਜਾਬੀ ਮੇਰੀ ਮਾਤ ਭਾਸ਼ਾ ਹੈ। ਪਰ ਸੋਚ ਜੀ ਦੇ ਤਰਜਮੇ ਕਰਨ ਦੀ ਆਪਣੀ ਗੌਰਵਤਾ ਤੇ ਬਰੀਕੀ ਵੀ ਹੈ, ਜੋ ਸਾਬਤ ਕਰਦੀ ਹੈ ਕਿ ਪੰਜਾਬੀ ਵਿਚ ਕੇਵਲ ਵਾਰਤਕ ਸਾਹਿੱਤ ਹੀ ਨਹੀਂ ਸਗੋਂ ਕਾਵ-ਸਾਹਿੱਤ ਦਾ ਭੀ ਉਲਥਾ ਹੋ ਸਕਦਾ ਹੈ। ਪੰਜਾਬ ਦੇ ਬਜ਼ਾਰਾਂ ਵਿਚ ਖਿਡਾਉਣੇ ਦੇ ਤੌਰ ਤੇ ਛੋਟੀ ਜਹੀ ਇਕ-ਤਾਰ-ਸਰੰਗੀ ਵਿਕਦੀ ਹੈ। ਪੈਸੇ ਜਾਂ ਦੋ ਪੈਸੇ ਤੋਂ ਅਸੀਂ ਲੈ ਕੇ ਵਜਾਉਂਦੇ ਹਾਂ, ਤੇ ਕਿਆ ਕੰਨ-ਖਾਣੀ ਕੋਝੀ ਸੁਰ ਛਿੜ ਪੈਂਦੀ ਹੈ ਪਰ ਇਸ ਜਟਕੇ ਜਹੇ ਸਾਜ਼ ਵਿਚੋਂ "ਦਿਲਦਾਰ ਕਮੰਦਾ ਵਾਲੇ ਦਾ" ਸੁਰ ਵਜਾ ਕੇ ਵੇਚਣ ਵਾਲਾ, ਕਲਾਕਾਰ, ਪੈਸੇ ਬਟੋਰ ਲੈਂਦਾ ਹੈ, ਸੋਚ ਜੀ ਦਾ ਤਰਜਮਾਂ ਪੜ੍ਹ ਕੇ ਮਲੋ ਮਲੀ ਪੜ੍ਹਨ ਵਾਲੇ ਨੂੰ ਖਿਆਲ ਆਉਣ ਲਗ ਜਾਂਦਾ ਹੈ ਕਿ ਬੇਸ਼ਕ ਪੰਜਾਬੀ ਬੋਲੀ ਇਕ ਜਟਕੇ ਜਹੇ ਸਾਜ਼ ਵਰਗੀ ਹੈ, ਜਿਸ ਵਿਚੋਂ ਸਾਰੇ ਤਾਂ ਨਹੀਂ ਪਰ ਵਿਰਲਾ ਵਿਰਲਾ ਵਜੰਤ੍ਰੀ ਹੂ-ਬ-ਹੂ ਅਸਲ ਸਰੰਗੀ ਦੀਆਂ ਸੁਰਾਂ ਵਜਾ ਸਕਦਾ ਹੈ। ਇਹ ਜਟਕਾ ਸਾਜ਼ ਸਾਰੰਗੀ ਤੋਂ ਬਹੁਤ ਘਟੀਆ ਹੈ ਪਰ ਕਈ ਵਾਰ ਖਿਆਲ ਆਉਂਦਾ ਹੈ ਕਿ ਜੇਹੜਾ ਵਜਊਆ ਇਸ ਵਿਚੋਂ ਵੀ ਮਿਲੀਆਂ ਸੁਰਾਂ ਖਿਚ ਸਕਦਾ ਹੈ, ਕੀ ਉਹ ਰਾਗੀ ਨਹੀਂ ਹੈ?

ਟੈਗੋਰ ਜੀ ਦਾ ਦੇਹਾਂਤ ਹੋ ਜਾਣ ਕਰਕੇ ਗੀਤਾਂਜਲੀ ਦਾ ਦਰਜਾ ਹੋਰ ਉਚਾ ਹੋ ਗਿਆ ਹੈ, ਵਿਛੜੇ ਸਜਣ ਦੀ ਤੇ ਛੋਟੀ ਜੇਹੀ ਨਿਸ਼ਾਨੀ ਵੀ ਕਾਲਜੇ ਨਾਲ ਘੁਟ ਕੇ ਰਖਣ ਲਈ ਦਿਲ ਕਰਦਾ ਹੈ, ਇਹ ਤੇ ਟੈਗੋਰ ਦੀ ਸਭ ਤੋਂ ਚੰਗੀ ਰਚਨਾਂ ਗੀਤਾਂਜਲੀ ਹੈ।

ਕੋਇਟਾ ੩੧-੮-੪੧

ਬੀਰ ਸਿੰਘ

੪.