ਪੰਨਾ:ਗੁਰਚਰਨਾ ਗਾਡ੍ਹਰ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਿਆ... ਕੇਸ ਪੁਆ ਦਿੱਤਾ ਗਰੀਬ ਡਰਾਈਵਰ ਗੁਲਚੈਨ ’ਤੇ। ਹੁਣ ਵਿਚਾਰਾਂ ਜੇਲ੍ਹ ਵਿਚ ਸੜਦਾ ਪਿਆ। ਕੰਪਨੀ ਆਲੇ ਜ਼ਮਾਨਤ ਤਕ ਨੀ ਕਰਾਉਣ ਆਏ। ਘਰੇ ਇਕੱਲੀ ਵਿਧਵਾ ਮਾਂ। ਵਕੀਲਾਂ ਦੀਆਂ ਜੇਬਾਂ ਕਿਥੋਂ ਭਰੇ। ਹੁਣ ਤਾਂ ਆਖਦਾ ਜੱਜ ਸਜ਼ਾ ਈ ਸੁਣਾ ਦੇਵੇ। ਇਕ ਪਾਸੇ ਤਾਂ ਲੱਗੇ... ਮੈਂ ਤਾਂ ਸੋਚ-ਸੋਚ... ਬਈ ਏਸ ਮੁਲਖ ਦਾ ਬਣੂ ਕੀ?” ‘ਦਾਸ! ਏਸ ਮੁਲਕ ਵਿਚ, ਏਸਨੂੰ ਚੂੰਡ-ਚੂੰਡ ਕੇ ਖਾਣ ਵਾਲਾ ਵੀ ਰੋਂਦਾ, ਤੇ ਜਿਹੜਾ ਨਹੀਂ ਖਾਂਦਾ ਉਹਨੇ ਤਾਂ ਰੋਣਾ ਈ ਰੋਣਾ। ਆਹ ਜੇਲ੍ਹ ਸੁਪਰਡੈਂਟ ਵੱਲ ਦੇਖ, ਜਦੋਂ ਦੇਖੋ ਰੋਈ ਈ ਜਾਊ। ਸਾਰੀ ਜੇਲ੍ਹ ਲੁੱਟ ਲਈ, ਅਜੇ ਤਕ ਰੱਜ ਨੀ ਆਇਆ। ਜਦੋਂ ਕਦੇ ਡੀ.ਸੀ. ਜਾਂ ਕਿਸੇ ਜੱਜ ਨੇ ਜੇਲ੍ਹ ਦਾ ਮੁਆਇਨਾ ਕਰਨਾ ਹੋਵੇ, ਉਸ ਦਿਨ ਸਾਲੇ ਹਵਾਲਾਤੀਆਂ, ਕੈਦੀਆਂ ਨੂੰ ਜੁਆਈਆਂ ਵਰਗੀ ਦਾਲ ਰੋਟੀ ਦਿੰਦੇ। ਇਕ ਦਮ ਵਧੀਆ। ਅਗਲੇ ਦਿਨ ਜੱਜ ਸਾਹਿਬ ਜਾਂ ਡੀ.ਸੀ ਸਾਹਿਬ ਦੀ ਫੋਟੋ ਛਪਦੀ ਅਖਬਾਰਾਂ ਵਿਚ ਦਾਲ ਪੀਂਦਿਆਂ ਦੀ। ਅਜੇ ਪਿਛਲੇ ਮਹੀਨੇ ਗੁਰਚਰਨੇ ਨੇ ਸਾਰਿਆਂ ਕੈਦੀਆਂ-ਹਵਾਲਾਤੀਆਂ ਪ੍ਰੇਰ ਕੇ ਜੇਲ੍ਹ ਵਿਚ ਮਿਲਦੀ ਮਾੜੀ ਖੁਰਾਕ ਵਿਰੁੱਧ ਹੜਤਾਲ ਕਰਵਾ ਦਿੱਤੀ ਸੀ। ਮੇਰੇ ਸਾਲੇ, ਇਸੇ ਮਾਊਂ ਜਿਹੇ ਸੁਪਰਡੈਂਟ ਦੀ ਜੀਭ ਬਾਹਰ ਨਿਕਲ ਆਈ ਸੀ। ਸਿੱਧੂ ਨੇ ਸਾਫੇ ਦੇ ਲੜ ਬੱਧੇ ਭੁੱਜੇ ਛੋਲੇ ਖਾਣ ਲਈ ਅੱਗੇ ਕਰਦਿਆਂ ਆਖਿਆ ਸੀ। . ‘ਗਰੇਵਾਲ ਸਾਹਿਬ ਜੀਅ ਨਹੀਂ ਕਰਦਾ। ਜੇਲ੍ਹ ਵਿਚ ਭੁੱਜੇ ਛੋਲੇ ਤਾਂ ਬੁੱਕ ਭਰ-ਭਰ ਕੇ ਦੇ ਜਾਂਦੇ ਨੇ ਰੋਜ਼ ਈ।’’ ‘‘ਖਾਲੈ...ਪਿਆਰਿਆ... ਖਾਲੈ... ਘੋੜਿਆਂ ਦੀ ਖੁਰਾਕ ਆ ਇਹ ਤਾਂ। ਖਾਏਂਗਾ ਤਾਂ ਤਕੜਾ ਹੋਵੇਗਾ। ਸਹੁਰੀ ਦੀ ਦੁਨੀਆ ਨਾਲ ਟੱਕਰ ਲੈਣੀ ਕਿਤੇ ਕਮਜ਼ੋਰ ਬੰਦੇ ਦਾ ਕੰਮ ਐ। ਛੋਲੇ ਖਾਏਂਗਾ ਤਾਂ ਗੁਰਚਰਨਾ ਗਾਡਰ ਬਣੇਂਗਾ।' ਮੇਰਾ ਦਿਲ ਕੀਤਾ ਗਰੇਵਾਲ ਸਾਹਿਬ ਨੂੰ ਆਖਾਂ, ‘‘ਆਪਾਂ ਕੁਰਸੀਆਂ ਨੂੰ ਪਿਆਰ ਕਰਨ ਵਾਲੇ ਸਮਾਜ ਦੇ ਸਭ ਤੋਂ ਕਮਜ਼ੋਰ ਜੀਅ ਹਾਂ। ਸਮੇਂ ਦੀ ਅੱਖ ਵਿਚ ਰੜਕਣ ਦੀਆਂ ਗੱਲਾਂ ਕਰਦੇ-ਕਰਦੇ ਅਸੀਂ ਸੁਰਮਾ ਬਣ ਗਏ ਹਾਂ।” ‘‘ਕੀ ਆਖਿਆ ਈ?’’ ਮੇਰੀ ਬੁੜਬੜਾਹਟ ਜਿਹੀ ਗਰੇਵਾਲ ਸਾਹਿਬ ਨੂੰ ਸਮਝ ਨਹੀਂ ਸੀ ਆਈ। ‘‘ਕੁਝ ਨੀ... ਏਹੀ ਕਿ ਅਸੀਂ ਕੁਰਸੀਆਂ ਵਾਲੇ ਸਮਾਜ ਦੇ ਸਭ ਤੋਂ ਕਮਜ਼ੋਰ ਜੀਅ ਹਾਂ...।” ਬਿਲਕੁਲ ਖਰੀ ਗੱਲ ਐ ਤੇਰੀ... ਸਾਡੀ ਰੀੜ੍ਹ ਦੀ ਹੱਡੀ ਨੀ ਹੁੰਦੀ। ਬੱਸ ਰੀਂਗਣ ਆਲੇ ਜੀਵ ਹਾਂ ਅਸੀਂ। ਇਕ ਨ੍ਹੀਂ ਸਾਰੇ ਈ ਮਹਿਕਮਿਆਂ ਦੇ ਅਫਸਰ ਰੰਨਾ ਬਣੇ ਫਿਰਦੇ ਲੀਡਰਾਂ ਦੀਆਂ... ਕੋਈ ਚੰਗੀ ਸੀਟ ਲੈਣ ਲਈ ਲੇਲੜੀਆਂ ਕੱਢਦਾ ਤੇ ਕੋਈ ਚੰਗਾ ਜ਼ਿਲ੍ਹਾ ਲੈਣ ਲਈ। ਮਾਤੜ੍ਹਾਂ-ਤੁਮਾਤੜ੍ਹਾਂ ਦੀ ਛੱਡ-ਆਈ.ਏ.ਐਸ, ਆਈ.ਪੀ.ਐਸ, ਪੀ.ਸੀ.ਐਸ ਅਫਸਰਾਂ ਦਾ ਤਾਂ ਜਵਾਂ ਈ ਬੇੜਾ ਗਰਕਿਆ ਪਿਆ। ਸੀ.ਐਮ ਦਫਤਰ ਤਾਂ ਕੀ ਕਿਸੇ ਛੋਟੇ-ਮੋਟੇ ਨੇਤਾ ਦੇ ਦਫਤਰ 'ਚੋਂ ਆਈ ਫੋਨ ਦੀ ਇਕ ਘੰਟੀ ਇਨ੍ਹਾਂ ਦੀਆਂ ਕਈ ਰਾਤਾਂ ਦੀ ਨੀਂਦ ਉਡਾ ਦਿੰਦੀ ਹੈ। ਹੋਰ ਤਾਂ ਹੋਰ ਡੀ.ਸੀ ਲੱਗ ਕੇ ਵੀ ਤਸੱਲੀ ਨੀ ਹੁੰਦੀ। ਆਹ ਛੋਟੇ ਜ਼ਿਲ੍ਹੇ ਦਾ ਡੀ.ਸੀ ਤਾਂ ਇਹ ਮਹਿਸੂਸ ਕਰਦਾ ਕਿ ਜਦੋਂ ਕਾਰ ਮੂਹਰੇ ਲੱਗੀ ਝੰਡੀ ਹਿੱਲਣ ਲੱਗਦੀ ਐ ਤਾਂ ਜ਼ਿਲ੍ਹਾ ਖਤਮ ਹੋ ਜਾਂਦਾ। ਉਹ ਵੱਡੇ ਜ਼ਿਲ੍ਹੇ ਵਿਚ ਲੱਗਣ ਵਾਸਤੇ

ਸਿਆਸਤਦਾਨਾਂ ਦੇ ਹਾੜੇ ਕੱਢਦਾ। ਨੱਕ ਰਗੜਦਾ... ਬੱਸ, ਜੋ ਹਾਲ ਹੋਇਆ ਪਿਆ ਅਫਸਰਸ਼ਾਹੀ ਦਾ, ਗੱਲ ਨਾ ਈ ਕਰੀਏ ਤਾਂ ਚੰਗਾ।”” “ਸਰ! ਮੈਨੂੰ ਤਾਂ ਕਦੇ-ਕਦੇ ਲੱਗਦਾ, ਬੰਦਾ; ਅਸਲੀ ਮਰਦ ਤਾਂ ਕੋਈ ਰਿਹਾ ਈ ਨ੍ਹੀਂ। ਕੁਛ ਲੁੱਟੀ ਜਾਂਦੇ ਆ, ਬਹੁਤੇ ਭੇਡਾਂ ਵਾਂਗੂੰ ਲੁੱਟ ਖਾਈ ਜਾਂਦੇ। ਵੇਖਾ-ਵੇਖੀ। ਅਨਪੜ੍ਹਾਂ ਦੀ ਤਾਂ ਗੱਲ ਛੱਡੋ, ਅਪਣੇ ਵਰਗੇ ਜਿਹੜੇ ਆਵਦੇ-ਆਪ ਨੂੰ ਬੜੇ ਫੰਨੇ ਖਾਂ ਸਮਝਦੇ ਹਾਂ, ਉਹ ਵੀ ਮਗਰਮੱਛਾਂ ਅੱਗੇ ਗੋਡੇ ਟੇਕੀ ਬੈਠੇ। ਜਿਹੜਾ ਮਾੜਾ-ਮੋਟਾ ਸਿਰ ਚੱਕਦਾ-ਉਹਨੂੰ ਤੁਹਾਡੇ ਆਗੂ... ਮੈਨੂੰ ਤਾਂ ਅਸਲੀ ਬੰਦਾ ਕਿਤੇ ਦੀਂਹਦਾ ਨੀ।” 9 ‘‘ਅਫਸਰਾ! ਹੈਗੇ ਅਸਲੀ ਮਰਦ ਅਜੇ ਵੀ ਧਰਤੀ 'ਤੇ। ਬੀਅ-ਨਾਸ਼ ਨੀਂ ਹੋਇਆ। ਐਸੇ ਜੇਲ੍ਹ 'ਚ ਵੀ ਹੈਗੇ। ਅੱਜ ਤਾਂ ਹੁਣ ਬੰਦੀ ਹੋਣ ਵਾਲੀ ਐ, ਕੱਲ੍ਹ ਨੂੰ ਚੱਲਾਂਗੇ ਗੁਰਚਰਨੇ ਨੂੰ ਮਿਲਾਊਂ ਤੈਨੂੰ ਫੇਰ ਦੱਸੀਂ-ਹੈਗੇ ਕਿ ਨਹੀਂ ਮਰਦ ਐਸ ਦੁਨੀਆ 'ਤੇ।” ਗਰੇਵਾਲ ਸਾਹਿਬ ਅਪਣੀ ਬੈਰਕ ਵਿਚ ਜਾਣ ਲਈ ਉਠ ਖੜ੍ਹੇ ਸਨ। ‘‘ਅਫਸਰੋ! ਏਹ ਮਾਣਸ ਦੇਹ ਮਸਾਂ ਮਿਲਦੀ। ਚੁਰਾਸੀ ਲੱਖ ਜੂਨਾਂ ਭੋਗ ਕੇ। ਆਂਹਦੇ ਨਹੀਂ ਹੁੰਦੇ ਅਖੇ ਹੀਰਾ ਜਨਮ ਅਮੋਲ। ਮੇਰੀ ਮਾਈ ਆਂਹਦੀ ਹੁੰਦੀ ਸੀ ਪੁੱਤ ਕੀਟ-ਪਤੰਗ ਵੀ ਨ੍ਹੀਂ ਮਾਰੀਦਾ। ਸਾਰਿਆਂ ’ਚ ਇਕੋ ਜਿਹੀ ਜਾਨ ਹੁੰਦੀ ਐ। ਹੋਰ ਤਾਂ ਹੋਰ ਬਨਸਪਤੀ ਵਿਚ ਵੀ ਜਾਨ ਹੁੰਦੀਓ... ਜਦੋਂ ਕਦੇ ਸਾਗ ਵੀ ਚੀਰਨ ਲੱਗਦੀ ਸੀ... ਮਾਂ ਮੱਥਾ ਟੇਕਦੀ ਸੀ, ਰੱਬਾ ਮਾਫ਼ ਕਰੀਂ। ਕਣਕ ਪਿਸਾਉਣ ਤੋਂ ਪਹਿਲਾਂ ਮਣਸ ਕੇ ਕੋਠੇ 'ਤੇ ਸਿੱਟਦੀ ਸੀ, ਚਿੜੀ ਜਨੌਰ ਦੇ ਭਾਗਾਂ ਨੂੰ। ਅਫਸਰਾ! ਮੈਨੂੰ ਯਾਦ ਐ। ਕੇਰਾਂ ਮੈਥੋਂ ਚਿੜੀ ਦਾ ਬੋਟ ਮਰ ਗਿਆ। ਤੂੰ ਸੱਚ ਜਾਣੀਂ-ਸਾਰੇ ਟੱਬਰ ਦੇ ਸੰਘੋ ਰੋਟੀ ਨ੍ਹੀਂ ਸੀ ਲੰਘੀ।” ਗੁਰਚਰਨੇ ਦੇ ਦੁੱਧ ਚਿੱਟੇ ਦਾਹੜੇ ਵਿਚੋਂ ਝਾਕਦਾ ਦਰਵੇਸ਼ੀ ਚਿਹਰਾ। ਮੈਂ ਹੈਰਾਨ ਹੋ ਕੇ ਉਸ ਵੱਲ ਦੇਖੀ ਜਾਂਦਾ ਸਾਂ। ਅਜਿਹਾ ਦਰਵੇਸ਼ ਆਦਮੀ ਭਲਾ ਕਿਸੇ ਦਾ ਕਾਤਲ ਹੋ ਸਕਦਾ ਹੈ? ‘‘ਅਫਸਰੋ! ਇਹ ਬੰਦਾ ਨੀਂ... ਵਕਤ ਈ ਫੈਸਲਾ ਕਰਦਾ ਬੰਦੇ ਨੇ ਕੀ ਬਨਣਾ, ਕੀ ਨਹੀਂ ਬਨਣਾ। ਐਧਰ ਮੇਰੇ ਕੰਨੀ ਵੇਖ ਲੋ... ਥੋਨੂੰ ਕਾਤਲ ਲੱਗਦਾ ਮੈਂ।’’ ਗੁਰਚਰਨਾ ਸਿੱਧਾ ਸਾਡੀਆਂ ਅੱਖਾਂ ਵਿਚ ਝਾਕਿਆ ਸੀ। ਮੈਂ ਅੱਜ ਪਹਿਲੀ ਵਾਰ ਉਸ ਦੀ ਬੈਰਕ ਵਿਚ ਉਸ ਮਿਲ ਰਿਹਾ ਸਾਂ। ਮੈਂ ਤਾਂ ਕੀ ਜੁਆਬ ਦੇਣਾ ਸੀ ਪਰੰਤੂ ਗਰੇਵਾਲ ਸਾਹਿਬ ਨੇ ਵੀ ਕੋਈ ਉਤਰ ਨਹੀਂ ਸੀ ਦਿੱਤਾ। ਅਸੀਂ ਸਿਰਫ਼ ਖਾਲੀ- ਖਾਲੀ ਨਜ਼ਰਾਂ ਨਾਲ ਗੁਰਚਰਨੇ ਵੱਲ ਝਾਕੀ ਜਾਂਦੇ ਸਾਂ। “ਜਿਹੜਾ ਬੰਦਾ ਚਿੜੀ ਦਾ ਬੋਟ ਮਰੇ ਤੋਂ ਤਿੰਨ ਦਿਨ ਰੋਂਦਾ ਰਿਹਾ ਸੀ... ਉਸ ਬੰਦੇ ਨੇ... ਆਵਦੇ ਹੱਥੀਂ... ਇਨ੍ਹਾਂ ਹੱਥਾਂ ਨਾਲ ਦੋ ਬੰਦੇ ਬੇਰਹਿਮੀ ਨਾਲ ਮਾਰੇ ਐ... ਬੰਦੇ ਨੀ ਰਾਖਸ਼ ਆਖੋ। ਦੋ ਰਾਖਸ਼ ਮਾਰੇ ਮੈਂ ਇਨ੍ਹਾਂ ਹੱਥਾਂ ਨਾਲ ਕੋਹ-ਕੋਹ ਕੇ।’’ ਗੁਰਚਰਨੇ ਨੇ ਹੱਥ ਸਾਡੇ ਅੱਗੇ ਕਰ ਦਿੱਤੇ ਸਨ। ਮੈਂ ਗਹੁ ਨਾਲ ਦੇਖਿਆ। ਹੱਥ ਤਾਂ ਬਿਲਕੁਲ ਸਾਡੇ ਵਰਗੇ ਸਨ। ਹੱਥਾਂ ਵਿਚ ਤਾਂ ਕੋਈ ਵੀ ਫ਼ਰਕ ਨਹੀਂ ਸੀ। “ਅਫਸਰੋ ਦਰਿਆ ਅਪਣਾ ਵਹਿਣ ਆਪ ਨੀਂ ਤੈਅ ਕਰਦਾ... ਧਰਤੀ ਦੀ ਢਾਲ ਅਨੁਸਾਰ ਈ ਪਾਣੀ ਵਹਿੰਦਾ। ਇਵੇਂ ਜਿਵੇਂ ਬੰਦੇ ਦੀ ਦਿਸ਼ਾ ਵਕਤ ਤੈਅ ਕਰਦਾ। ਗੁਰਚਰਨਾ... ਗੁਰਚਰਨਾ ਸਾਂਸੀ ਐਹੋ 6 85