ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਧਰਤੀ ਤੇ ਮੈਨੂੰ ਦੱਸੋ ਕਿਹੜੀ ਏਨੀ ਜ਼ਾਲਮ ਥਾਂ ਹੈ।
ਜਿੱਥੇ ਪਸ਼ੂਆਂ ਵਾਂਗ ਹਲਾਂ ਨੂੰ ਖਿੱਚਦੀ ਅੱਗੇ ਜੋੜੀ ਮਾਂ ਹੈ।

ਜਿਹੜੇ ਦੇਸ਼ ਨੂੰ ਭਾਰਤ ਕਹਿੰਦੇ, ਗਲੀ ਗਲੀ ਭਗਵਾਨ ਨੇ ਰਹਿੰਦੇ,
ਮਮਤਾ ਦੇ ਲਈ ਕੋਈ ਥਾਂ ਨਹੀਂ, ਪੂਜ ਰਹੇ ਸਭ ਫੰਡਰ ਗਾਂ ਹੈ।

ਅੱਲ੍ਹਾ ਤੇ ਭਗਵਾਨ ਗਵਾਚੇ, ਰਾਮ ਰਹੀਮ ਨੂੰ ਕਿਹੜਾ ਵਾਚੇ,
ਵੀਹ ਸਦੀਆਂ ਵਿਚ ਏਥੇ ਪਹੁੰਚੇ, ਪੈਸਾ ਰੱਬ ਦਾ ਇੱਕੋ ਨਾਂ ਹੈ।

ਮਨ ਦੇ ਅੰਦਰ ਕੁਰਬਲ ਕੁਰਬਲ, ਆਪਾ ਧਾਪੀ, ਖੋਹਾ ਮੋਹੀ,
ਕੱਲ-ਮ-ਕੱਲ੍ਹੇ ਘਰ ਤੇ ਕਮਰੇ, ਟੱਬਰ ਖ਼ਾਤਰ ਕਿਹੜੀ ਥਾਂ ਹੈ।

ਮੈਂ ਕਿੰਜ ਆਖਾਂ ਧਰਤੀ ਮਾਂ ਨੂੰ, ਆਪਣੀ ਬੁੱਕਲ ਵਿਚ ਸਮਾ ਲੈ,
ਵਿੱਚ ਹਵਾ ਦੇ ਉੱਡਿਆ ਫਿਰਦਾਂ, ਭੱਲਿਆ ਆਪਣਾ ਆਪ ਗਿਰਾਂ ਹੈ।

ਸ਼ਹਿਰ ਸਮੁੰਦਰ ਖ਼ਾਰਾ ਪਾਣੀ, ਕੌੜਾ ਧੂੰਆਂ ਅੱਖੀਆਂ ਥਾਣੀਂ,
ਪਿੰਡ ਉਦਾਸ, ਗ਼ਮਾ ਵਿੱਚ ਡੁੱਬੇ, ਬਿਰਖਾਂ ਹੇਠ ਤੜਫ਼ਦੀ ਛਾਂ ਹੈ।

ਮਨ ਦੀ ਬਸਤੀ ਅੰਦਰ ਵੇਖੋ, ਕਿੰਨਾ ਕੁਝ ਮੋਇਆ, ਅਧਮੋਇਆ।
ਸੁਪਨੇ ਰੀਝਾਂ ਸਹਿਕ ਰਹੇ ਨੇ, ਕਬਰਾਂ ਵਰਗੀ ਚੁੱਪ ਤੇ ਛਾਂ ਹੈ।

*

ਗੁਲਨਾਰ- 128