ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਖਾਂ ਉੱਤੋਂ ਕਾਲੀਆਂ ਤੂੰ ਐਨਕਾਂ ਉਤਾਰ ਦੇ,
ਸਾਗਰਾਂ 'ਚ ਡੁੱਬਿਆਂ ਨੂੰ, ਇੱਕ ਵਾਰੀ ਤਾਰ ਦੇ।

ਇੱਕੋ ਇੱਕ ਜ਼ਿੰਦਗੀ ਹਜ਼ੂਰ ਮਿਲੀ ਔਖੀ ਸੌਖੀ,
ਏਸ ਨੂੰ ਸਵਾਸ ਥੋੜੇ ਤੂੰ ਵੀ ਤਾਂ ਉਧਾਰ ਦੇ।

ਉਲਝੀ ਹੈ ਤਾਣੀ ਤੇ ਕਹਾਣੀ ਬੇਲਗਾਮ ਹੋਈ,
ਏਨਾ ਕੰਮ ਕਰ, ਹੁਣ ਤੰਦਾਂ ਨੂੰ ਸੰਵਾਰ ਦੇ।

ਹਿੱਕ ਵਿੱਚ ਨਿੱਕੇ-ਨਿੱਕੇ ਕਿੰਨੇ ਹੀ ਮਾਸੂਮ ਖ੍ਵਾਬ੍,
ਧਰਤੀ 'ਚ ਬੀਜ ਇਹ ਤੇ ਪੌਣਾਂ 'ਚ ਖਿਲਾਰ ਦੇ।

ਆਈ ਪੁੰਗਰਾਂਦ ਪੱਤਝੜ ਦੀ ਛਿਮਾਹੀ ਪਿੱਛੋਂ,
ਨਵੀਆਂ ਕਰੂੰਬਲਾਂ ਨੂੰ ਰੱਜਵਾਂ ਪਿਆਰ ਦੇ।

ਜ਼ਿੰਦਗੀ ਨੂੰ ਆਖ ਕਦੇ ਮਹਿਲਾਂ ਵਿੱਚੋਂ ਬਾਹਰ ਆਵੇ,
ਅਜ਼ਲਾਂ ਤੋਂ ਢੂੰਡਦੇ ਹਾਂ, ਸਾਨੂੰ ਵੀ ਦੀਦਾਰ ਦੇ।

ਅੱਖ ਵਿਚ ਅੱਖ ਪਾਈਏ, ਹੱਥ ਵਿਚ ਹੱਥ ਵੀ,
ਫੁੱਲਾਂ ਵਾਲੀ ਟਾਹਣੀ ਸਾਡੇ ਵੱਲ ਤੂੰ ਉਲਾਰ ਦੇ।

*

ਗੁਲਨਾਰ- 129