ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੜ੍ਹਿਆ ਚੇਤਰ ਕਣਕਾਂ ਦੇ ਸਿੱਟਿਆਂ ਵਿਚ ਦਾਣੇ, ਖ਼ੈਰ ਕਰੀਂ।
ਇਸ ਧਰਤੀ ਦੇ ਧੀਆਂ ਪੁੱਤਰਾਂ ਰਲ ਕੇ ਖਾਣੇ, ਖ਼ੈਰ ਕਰੀਂ।

ਹੈ ਬਲਿਹਾਰੀ ਕੁਦਰਿਤ ਅੰਦਰ ਤੂੰ ਹੀ ਕਹਿੰਦੇ ਵੱਸਦਾ ਰਸਦਾ,
ਤੇਰੀਆਂ ਬਾਤਾਂ, ਡਾਢਿਆ ਰੱਬਾ, ਤੂੰ ਹੀ ਜਾਣੇ, ਖ਼ੈਰ ਕਰੀਂ।

ਜਲ ਥਲ ਅੰਦਰ ਸਭਨਾਂ ਨੂੰ ਹੀ, ਪੱਥਰ ਵਿੱਚ ਵੀ ਰਿਜ਼ਕ ਪੁਚਾਵੇਂ,
ਭਲਾ ਅਸੀਂ ਸਰਬੱਤ ਦਾ ਮੰਗੀਏ ਤੇਰੇ ਭਾਣੇ, ਖ਼ੈਰ ਕਰੀਂ।

ਬੂਰ ਝੜੇ ਨਾ, ਫ਼ਲ ਫੁੱਲ ਖੇੜੇ ਅੰਦਰ ਰਸ ਰੰਗ ਵੰਡ ਤੂੰ ਖੁੱਲ੍ਹ ਕੇ,
ਤਾਹੀਉਂ ਮਨ ਨੂੰ ਚੰਗੇ ਲੱਗਣ ਰਾਗ ਸੁਹਾਣੇ, ਖ਼ੈਰ ਕਰੀਂ।

ਸੋਚਾਂ ਵਿਚ ਪਿਆ ਅੰਨਦਾਤਾ, ਪੱਕੀ ਫ਼ਸਲ ਕਦੋਂ ਘਰ ਆਊ,
ਬੱਦਲਾਂ ਮਨ ਤੇ ਸਹਿਮ ਦੇ ਤੰਬੂ, ਤੱਕ ਤੂ ਤਾਣੇ, ਖ਼ੈਰ ਕਰੀਂ।

ਹੁਣ ਤਾਂ ਗਰਜ਼ਾਂ ਕੋਠੇ ਜਿੱਡੀਆਂ, ਉਸ ਤੋਂ ਵੱਧ ਮਸਾਤਰ ਧੀਆਂ,
ਸੋਚੀਂ ਡੁੱਬ ਗਏ ਧਰਮੀ ਬਾਬਲ, ਹੋਏ ਨਿਤਾਣੇ, ਖ਼ੈਰ ਕਰੀਂ।

ਸਾਡੇ ਪਿੰਡ ਦੀ ਜ਼ਿੰਦਗੀ ਅੱਜ ਵੀ, ਸ਼ਹਿਰਾਂ ਜਿੰਨੀ ਤੇਜ਼ ਨਹੀਂ ਪਰ,
ਫਿਰ ਕਿਉਂ ਬਦਲ ਰਹੇ ਨੇ ਕੱਪੜੇ, ਨਾਚ ਤੇ ਗਾਣੇ, ਖ਼ੈਰ ਕਰੀਂ।

*

ਗੁਲਨਾਰ- 130