ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸ਼ੀਰਾ ਜਸਬੀਰ ਦੇ ਨਾਂ



ਆਨੰਦਪੁਰ ਕੋਈ ਸ਼ਹਿਰ ਨਹੀਂ ਹੈ, ਇਹ ਤਾਂ ਇੱਕ ਵਿਸ਼ਵਾਸ ਦਾ ਨਾਂ ਹੈ।
ਹੱਕ ਸੱਚ ਇਨਸਾਫ਼ ਦੀ ਰਾਖੀ ਕਰਦੀ ਅਣਖ਼ੀ ਛਾਂ ਦਾ ਨਾਂ ਹੈ।

ਨਾ ਧਿਰਿਆਂ ਦੀ ਧਿਰ ਦੇ ਵਰਗੀ, ਜੋਤ ਨਿਰੰਤਰ ਜਗਦੀ ਜਿੱਥੇ,
ਦੁਸ਼ਟ-ਦਮਨ ਨੂੰ ਪਾਲਣਹਾਰੀ, ਧਰਤੀ ਗੁਜਰੀ ਮਾਂ ਦਾ ਨਾਂ ਹੈ।

ਪੰਥ ਖ਼ਾਲਸਾ ਸਿਰਜਣ ਭੂਮੀ, ਚਿੜੀਓਂ ਬਾਜ਼ ਤੁੜਾਉਣ ਦਾ ਸੁਪਨਾ,
ਜਿਸ ਥਾਂ ਜੰਮਿਆ, ਪਲਿਆ, ਪੁੱਗਿਆ, ਸੱਚੀ ਸੁੱਚੀ ਥਾਂ ਦਾ ਨਾਂ ਹੈ।

ਅੱਜ ਵੀ ਗੁਰੂ ਆਵਾਜ਼ਾਂ ਮਾਰੇ, ਕਿਧਰ ਤੁਰ ਗਏ ਸਿਦਕ ਦੁਲਾਰੇ,
ਜਿਥੇ ਫ਼ਸਲ ਸਿਰਾਂ ਦੀ ਬੀਜੀ, ਅੱਜ ਕਿਉਂ ਬੰਜਰ ਥਾਂ ਦਾ ਨਾਂ ਹੈ।

ਤਿੰਨ ਸਦੀਆਂ ਤੋਂ ਅੱਧੀ ਉਤੇ, ਧਰਮ ਕਰਮ ਦੇ ਰਾਖੇ ਸੁੱਤੇ,
ਬਾਜ਼ ਅਜੇ ਵੀ ਚਿੜੀਆਂ ਨੋਚੇ, ਅੱਜ ਵੀ ਗਊ ਗਰੀਬ ਦਾ ਨਾਂ ਹੈ।

ਕਾਲ ਮੁਕਤ ਸਰਵੋਤਮ ਸੂਰਾ, ਕਰਨੀ ਤੇ ਕਰਨੀ ਦਾ ਪੂਰਾ,
ਜਿਸ ਥਾਂ ਗੱਜਿਆ, ਜ਼ੁਲਮ 'ਚ ਵੱਜਿਆ ਇਹ ਤਾਂ ਓਸ ਗਿਰਾਂ ਦਾ ਨਾਂ ਹੈ।

ਚਿਹਨ ਚੱਕਰ ਤੇ ਵਰਣ ਜ਼ਾਤ ਦਾ ਜਿਸ ਥਾਂ ਗੁਰ ਨੇ ਕੋਹੜ ਮੁਕਾਇਆ,
ਮਨ ਮੰਦਰ ਤੇ ਸ਼ਬਦ-ਚੰਦੋਆ, ਠੰਢੀ ਮਿੱਠੜੀ ਛਾਂ ਦਾ ਨਾਂ ਹੈ।

*

ਗੁਲਨਾਰ- 135