ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੀ ਬਾਤ ਦਾ ਹੁੰਗਾਰਾ ਕਦੋਂ ਦਿਉਗੇ ਜਨਾਬ।
ਜਦੋਂ ਪੱਤੀ ਪੱਤੀ ਖਿੰਡ ਗਿਆ ਸਾਰਾ ਹੀ ਗੁਲਾਬ।

ਕਿਸੇ ਘੂਕੀ ਵਿਚ ਬੋਲੇ ਜਿਵੇਂ ਰਾਤ ਨੂੰ ਸ਼ਰਾਬੀ,
ਮੈਨੂੰ ਏਸੇ ਤਰ੍ਹਾਂ ਸੁਣੇ ਅੱਜ ਬੋਲਦਾ ਪੰਜਾਬ।

ਓਸ ਧਰਤੀ ਨੂੰ ਹੋਰ ਕਿਵੇਂ ਖਾਵੇਗੀ ਸਿਉਂਕ,
ਜਿਥੇ ਗਿਆਨ ਦੀ ਕਿਆਰੀ ਸਿੰਜੇ ਠੇਕੇ ਦੀ ਸ਼ਰਾਬ।

ਮੇਰੇ ਸ਼ਹਿਰ ਦੇ ਚੌਰਾਹੇ ਹੁਣ ਬਣੇ ਹੱਡਾ ਰੋੜੀ,
ਵੇਖੋ ਹੱਟੀਆਂ 'ਚ ਟੰਗੇ ਕਿਵੇਂ ਸੀਖਾਂ 'ਚ ਕਬਾਬ।

ਕਦੇ ਨਸ਼ਿਆਂ ਦੀ ਮਾਰ, ਕਦੇ ਹੱਥ ਹਥਿਆਰ,
ਓਥੇ ਏਹੀ ਕੁਝ ਹੋਊ, ਜਿੱਥੋਂ ਖੁੱਸ ਗਈ ਕਿਤਾਬ।

ਮੇਰੇ ਹੋਠਾਂ ਕੋਲੋਂ ਖੁੱਸ ਗਏ ਨੇ ਵੰਝਲੀ ਦੇ ਬੋਲ,
ਏਸ ਧਰਤੀ ਤੋਂ ਰੁੱਸ ਗਈ ਏ ਜਦੋਂ ਦੀ ਰਬਾਬ।

ਇਨ੍ਹਾਂ ਗ਼ਜ਼ਲਾਂ 'ਚੋਂ ਲੱਭਿਓ ਨਾ ਕੋਈ ਮਹਿਬੂਬ,
ਕੋਰੀ ਜ਼ਿੰਦਗੀ ਸਲੇਟ, ਪੱਲੇ ਸੁਰ ਹੈ ਖ਼੍ਵਾਬ।

ਐਵੇਂ ਵਕਤ ਨੂੰ ਸਮਝੋ ਨਾ ਘੜੀ ਦਾ ਗ਼ੁਲਾਮ,
ਇਹਨੇ ਮੰਗਣਾ ਏ ਲੇਖਾ ਜਦੋਂ ਕਰੇਗਾ ਹਿਸਾਬ।

*

ਗੁਲਨਾਰ- 16