ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਣ ਦੇ ਯੋਧੇ ਪਿਆਰ ਦੇ ਰਣ 'ਚੋਂ ਭੱਜਦੇ ਚੰਗੇ ਲੱਗਦੇ ਨਹੀਂ।
ਹਰ ਵਾਰੀ ਹੀ ਪੁੰਨੂੰ, ਸੱਸੀਆਂ ਮਾਰੂਥਲ ਵਿਚ ਠੱਗਦੇ ਨਹੀਂ।

ਉੱਡਦੇ ਜੁਗਨੂੰ ਫੜਿਆ ਨਾ ਕਰ, ਰਾਤ ਬਰਾਤੇ ਅੰਬਰ 'ਚੋਂ,
ਵੇਖਣ ਨੂੰ ਹੀ ਜਗਦੇ ਮਘਦੇ, ਪਰ ਇਹ ਭਾਂਬੜ ਅੱਗ ਦੇ ਨਹੀਂ।

ਦਰਿਆਵਾਂ ਵਿਚ ਪਾਣੀ ਤੁਰਦੈ, ਨਾਲ ਨਾਲ ਤੂੰ ਤੁਰਿਆ ਕਰ,
ਜੀਂਦੇ ਬੰਦੇ ਤੁਰਨ ਨਿਰੰਤਰ, ਤੋਦੇ ਫੋਕੀ ਝੱਗ ਦੇ ਨਹੀਂ।

ਜਿਹੜੇ ਲੋਕੀਂ ਬੜ੍ਹਕਾਂ ਮਾਰਨ, ਆਖਣ ਕਿੰਗਰੇ ਢਾਹਵਾਂਗੇ,
ਅੱਖੀਂ ਵੇਖੇ ਵਖ਼ਤ ਪੈਣ 'ਤੇ, ਹੜ੍ਹ ਦੇ ਅੱਗੇ ਤੱਗਦੇ ਨਹੀਂ।

ਮਾਂ ਦੀ ਚੁੰਨੀ, ਧੀ ਦੀ ਅਜ਼ਮਤ, ਜਿਹੜੇ ਭੁੱਲੀ ਬੈਠੇ ਨੇ,
ਕੱਪੜਾ ਬੰਨ੍ਹੀ ਫਿਰਦੇ ਸਿਰ 'ਤੇ, ਇਹ ਲੜ ਸਾਡੀ ਪੱਗ ਦੇ ਨਹੀਂ।

ਰਾਜੇ ਦੀ ਅਰਦਲ ਵਿਚ ਬੈਠੇ, ਸੰਗਲੀ ਬੱਧੇ ਕੀਹ ਆਖਾਂ,
ਸੱਚ ਪੁੱਛੋ ਤਾਂ ਏਸ ਨਸਲ ਦੇ ਸ਼ੇਰ ਵੀ ਚੰਗੇ ਲੱਗਦੇ ਨਹੀਂ।

ਸੀਸ ਤਲੀ ਤੇ ਧਰਦੇ, ਮਰਦੇ ਕਰਦੇ ਨਾ ਸਮਝੌਤੇ ਉਹ,
ਬੇਗਮ ਪੁਰ ਦੇ ਵਾਸੀ ਹੁੰਦੇ, ਗ਼ਰਜ਼ਾਂ ਵਾਲੇ ਜੱਗ ਦੇ ਨਹੀਂ।

ਬੀਤ ਗਏ ਦਾ ਰੁਦਨ ਕਰਦਿਆਂ ਭਲਕ ਵਿਉਂਤੀ ਜਾਂਦੇ ਜੋ,
ਅੱਜ ਨੂੰ ਰੋਲਣ ਵਾਲੇ ਲੋਕੀਂ, ਸਾਡੇ ਕੁਝ ਵੀ ਲੱਗਦੇ ਨਹੀਂ।

ਹਰ ਵੇਲੇ ਹੀ ਜ਼ੋਰ ਜਬਰ ਦਾ ਛਾਂਟਾ ਚੁੱਕੀ ਫਿਰਦੇ ਹੋ,
ਭੁੱਲ ਗਏ ਹੋ ਇਨਸਾਨੀ ਕਦਰਾਂ, ਅਸੀਂ ਜਾਨਵਰ ਵੱਗ ਦੇ ਨਹੀਂ।

*

ਗੁਲਨਾਰ- 19