ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੱਚ ਬੋਲਣ ਦਾ ਕਸ਼ਟ ਮੇਰੇ ਤੋਂ ਸਹਿ ਨਹੀਂ ਹੁੰਦਾ।
ਏਸੇ ਕਰਕੇ ਦਰਦ-ਦਿਲੇ ਦਾ ਕਹਿ ਨਹੀਂ ਹੁੰਦਾ।

ਭਰ ਚੱਲਿਆ ਸੀ ਸਰਵਰ ਹੋਇਆ ਤਰਣ ਦੁਹੇਲਾ,
ਏਨੀ ਗੱਲ ਵੀ ਤਾਂ ਦੱਸੀ ਏ, ਰਹਿ ਨਹੀਂ ਹੁੰਦਾ।

ਹੋਰ ਕਿਸੇ ਦੀ ਨੁਕਤਾਚੀਨੀ ਕਰ ਬਹਿੰਦਾ ਹਾਂ,
ਖ਼ੁਦ ਨੂੰ ਪੁੱਛਦਾਂ, ਤੇਰੇ ਤੋਂ ਕਿਉਂ ਅਹਿ ਨਹੀਂ ਹੁੰਦਾ।

ਏਸ ਬਾਜ਼ਾਰ 'ਚ ਮੇਰਾ ਵੀ ਮੁੱਲ ਪੈ ਜਾਣਾ ਸੀ,
ਕੀ ਕਰਦਾ ਮੈਂ, ਏਨਾ ਥੱਲੇ ਲਹਿ ਨਹੀਂ ਹੁੰਦਾ।

ਜੰਗਲ ਦੇ ਹਰ ਬੂਟੇ ਅੰਦਰ ਅਗਨ ਬੜੀ ਸੀ,
ਬਾਂਸਾਂ ਵਾਂਗੂੰ ਇਨ੍ਹਾਂ ਕੋਲੋਂ, ਖਹਿ ਨਹੀਂ ਹੁੰਦਾ।

ਸ਼ਬਦਾਂ ਦੀ ਸ਼ਤਰੰਜ ਖੇਡਦਾਂ, ਬੈਠ ਚੌਂਤਰੇ,
ਮੇਰੇ ਕੋਲੋਂ ਘਰ ਵਿਚ ਵਿਹਲੇ ਬਹਿ ਨਹੀਂ ਹੁੰਦਾ।

ਤੁਰਦੇ ਤੁਰਦੇ ਮੁੜ ਆਏ ਫਿਰ ਅਪਣੇ ਬੂਹੇ,
ਮੰਜ਼ਿਲ ਦਾ ਸਿਰਨਾਵਾਂ ਤਾਹੀਂਓਂ ਤਹਿ ਨਹੀਂ ਹੁੰਦਾ।

*

ਗੁਲਨਾਰ- 23