ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੂੰ ਮੇਰੇ ਜਿਸਮ ਦੀ ਮਿੱਟੀ 'ਚ ਕਿਉਂ ਦੀਵਾ ਜਗਾਉਣਾ ਸੀ।
ਜੇ ਰੂਹ ਨੂੰ ਬਿਨ ਮਿਲੇ ਹੀ, ਕੋਲ ਜਾ ਕੇ ਪਰਤ ਆਉਣਾ ਸੀ।

ਕਦੇ ਆਵਾਜ਼ ਨੂੰ ਜੇ ਸਾਜ਼-ਸੰਗ ਹੀ ਸੁਰ ਨਹੀਂ ਕਰਨਾ,
ਤੂੰ ਮੇਰੀ ਤਾਰ ਨੂੰ ਕਿਉਂ ਵਜਦ ਵਿਚ ਆ ਕੇ ਹਿਲਾਉਣਾ ਸੀ।

ਅਸੀਂ ਤਾਂ ਹੀਰ ਖਾਤਰ, ਜੋਗੀਆਂ ਦੇ ਦਰ ਤੇ ਜਾ ਪਹੁੰਚੇ,
ਮੁਹੱਬਤ ਮਾਰਿਆਂ ਨੇ ਜੋਗ ਦੱਸੋ ਕੀਹ ਕਮਾਉਣਾ ਸੀ।

ਹਵਾ ਵਿਚ ਜ਼ਹਿਰ ਸੀ ਤੇ ਕਹਿਰ ਸੀ ਧਰਤੀ ਤੇ ਹਰ ਪਾਸੇ,
ਤੁਸੀਂ ਦੱਸੋ ਮੈਂ ਐਸੇ ਵਕਤ ਕਿਹੜਾ ਨੇ ਗੀਤ ਗਾਉਣਾ ਸੀ।

ਜਦੋਂ ਪੰਚਾਲ-ਪੁੱਤਰੀ ਹੋ ਗਈ ਨਿਰਵਸਤਰੀ ਬੋਲੀ,
ਮੈਂ ਤੇਰੇ ਵਿਚ ਸੁੱਤੇ ਆਦਮੀ ਨੂੰ ਹੀ ਜਗਾਉਣਾ ਸੀ।

ਜਿਵੇਂ ਖੁਸ਼ਬੂ, ਗੁਲਾਬੀ ਰੰਗ, ਫੁੱਲ ਤੇ ਭਾਰ ਨਹੀਂ ਬਣਦੇ,
ਮੈਂ ਬਿਲਕੁਲ ਇਸ ਤਰ੍ਹਾਂ ਹੀ ਤੇਰਿਆਂ ਸਾਹਾਂ 'ਚ ਆਉਣਾ ਸੀ।

*

ਗੁਲਨਾਰ- 50