ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੇ ਸਾਹਾਂ 'ਚ ਖ਼ੌਰੂ ਪਾ ਗਿਆ ਹੈ।
ਜ਼ਮਾਨਾ ਕਿਸ ਤਰ੍ਹਾਂ ਦਾ ਆ ਗਿਆ ਹੈ।

ਮੈਂ ਮਿੱਸੀ ਖਾਣ ਵਾਲਾ ਆਦਮੀ ਸਾਂ,
ਮੇਰੀ ਥਾਲੀ 'ਚ ਬਰਗਰ ਆ ਗਿਆ ਹੈ।

ਇਹ ਬਿਹਬਲ ਮਛਲੀਆਂ ਕਿਉਂ ਤੜਫ਼ੀਆਂ ਨੇ,
ਕੋਈ ਸਰਵਰ ਨੂੰ ਤੀਲੀ ਲਾ ਗਿਆ ਹੈ।

ਮੇਰੇ ਚਾਵਾਂ ਦੀਆਂ ਲੀਰਾਂ ਨੂੰ ਪੁੱਛੋ,
ਇਨ੍ਹਾਂ ਨੂੰ ਕੌਣ ਸੁੱਕਣੇ ਪਾ ਗਿਆ ਹੈ।

ਜ਼ੁਲਮ ਸਹਿਣਾ ਗੁਲੋਂ ਗੁਲਕੰਦ ਬਣਨਾ,
ਤੇਰਾ ਅੰਦਾਜ਼ ਸਾਨੂੰ ਭਾ ਗਿਆ ਹੈ।

ਇਹ ਪਰਬਤ ਕੱਲ੍ਹ ਤੱਕ ਤਾਂ ਸੀ ਹਿਮਾਲਾ,
ਮੇਰੇ ਕਦਮਾਂ 'ਚ ਕਿੱਦਾਂ ਆ ਗਿਆ ਹੈ।

ਮੈਂ ਪੈਦਲ ਆਦਮੀ, ਸ਼ਹਿਰੀਂ ਗੁਆਚਾ,
ਮੇਰੇ ਰਾਹਾਂ ਨੂੰ ਕਿਹੜਾ ਖਾ ਗਿਆ ਹੈ।

ਮੁਸੀਬਤ ਵਕਤ ਮੈਂ ਤੁਰਿਆ ਇਕੱਲਾ,
ਇਹ ਪਿੱਛੇ ਕਾਫ਼ਲਾ ਕਿਉਂ ਆ ਗਿਆ ਹੈ।

ਮੈਂ ਸੂਰਜ ਵੰਸ਼ ਦੀ ਸੰਤਾਨ ਸੀ ਪਰ,
ਨਜ਼ਰ ਵਿਚ 'ਨੇਰ੍ਹ ਇਹ ਕਿਉਂ ਛਾ ਗਿਆ ਹੈ।

*

ਗੁਲਨਾਰ- 62