ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਹੁਤ ਨੇੜੇ ਆਣ ਕੇ, ਫਿਰ ਦੂਰ ਤੂੰ ਜਾਇਆ ਨਾ ਕਰ।
ਜੇ ਨਹੀਂ ਮਿਲਣਾ ਸਬੂਤਾ, ਖ੍ਵਾਬ ਵਿਚ ਆਇਆ ਨਾ ਕਰ।

ਅੰਬਰੀਂ ਲਿਸ਼ਕੋਰ ਕਰਕੇ, ਪਰਤ ਜਾਵੇਂ, ਬਿਜਲੀਏ,
ਨੇਰ੍ਹੀਆਂ ਗਲੀਆਂ ਨੂੰ ਲਾਰਾ, ਆਉਣ ਦਾ ਲਾਇਆ ਨਾ ਕਰ।

ਬਹਿਣ ਦੇ ਧੁੱਪਾਂ 'ਚ ਮੈਨੂੰ, ਰਹਿਣ ਦੇ ਆਕਾਸ਼ ਹੇਠ,
ਫੋਕੀਆਂ ਹਮਦਰਦੀਆਂ ਦਾ ਸਿਰ ਮਿਰੇ ਸਾਇਆ ਨਾ ਕਰ।

ਮੈਂ ਨਿਰੰਤਰ ਤੁਰ ਰਿਹਾ ਹਾਂ, ਮਹਿਕ ਤੇਰੇ ਨਾਲ ਨਾਲ,
ਤੇਜ਼ ਤੁਰ ਤੁਰ ਕੇ ਤੂੰ ਏਦਾਂ, ਦੂਰੀਆਂ ਪਾਇਆ ਨਾ ਕਰ।

ਜੇ ਤੁਰੀ ਜਾਂਦੀ ਤੂੰ ਆਪੇ, ਫੁੱਲ-ਪੱਤੇ ਤੋੜਨੇ,
ਵੇਲ, ਬੂਟੇ ਗਮਲਿਆਂ ਵਿਚ, ਫੇਰ ਤੂੰ ਲਾਇਆ ਨਾ ਕਰ।

ਚਾਂਦਨੀ ਹੈ ਰਾਤ ਸਿਰ ਤੇ, ਤਾਰਿਆਂ ਦਾ ਜਾਲ ਹੈ,
ਨਾ-ਮੁਰਾਦਾ, ਦੂਰ ਰਹਿ ਕੇ, ਨੇਰ੍ਹ ਤੂੰ ਪਾਇਆ ਨਾ ਕਰ।

ਇੱਕ ਹੀ ਮੌਸਮ ਖਿੜਨ ਦਾ, ਮਿਲ ਗਿਆ ਹੈ, ਸਾਂਭ ਲੈ,
ਤੂੰ ਹਵਾ ਦੇ ਨਾਲ ਰਲ ਕੇ, ਏਸ ਨੂੰ ਜ਼ਾਇਆ ਨਾ ਕਰ।

*

ਗੁਲਨਾਰ- 89