ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰਾ ਹਮਦਰਦ ਜਦ ਆਵੇ, ਮਸੀਬਤ ਲੈ ਕੇ ਆਉਂਦਾ ਹੈ।
ਭਲਾ ਸੁਖ ਨਾਲ ਕਿਹੜਾ ਕਬਰ ਤੇ ਦੀਵਾ ਜਗਾਉਂਦਾ ਹੈ।

ਕੁੜਿੱਕੀ ਵਿਚ ਮੇਰੀ ਜਾਨ ਤੇ ਈਮਾਨ ਜਦ ਵੇਖੇ,
ਅਜਬ ਹੈ ਜੋ ਮਸੀਹਾ, ਦੂਰ ਬਹਿ ਕੇ ਮੁਸਕਰਾਉਂਦਾ ਹੈ।

ਮੈਂ ਇਸ ਤੋਂ ਦੂਰ ਜਾਵਾਂ ਕਿੰਜ, ਡਾਢੀ ਸ਼ਰਮਸਾਰੀ ਏ,
ਮੇਰਾ ਕਿਰਦਾਰ ਮੈਨੂੰ ਰੋਜ਼ ਹੀ ਸ਼ੀਸ਼ਾ ਵਿਖਾਉਂਦਾ ਹੈ।

ਕਦੇ ਅੱਗੇ, ਕਦੇ ਪਿੱਛੇ, ਜਿਵੇਂ ਕੋਈ ਪੈੜ ਨੱਪਦਾ ਹੈ,
ਪਤਾ ਨਹੀਂ ਕੌਣ ਇਹ ਜੋ ਅਜਨਬੀ ਮੈਨੂੰ ਬੁਲਾਉਂਦਾ ਹੈ।

ਮੈਂ ਅਕਸਰ ਸੋਚਦਾਂ, ਉੱਗੇ ਉਜਾੜਾਂ, ਬਿਰਖ਼ ਜਦ ਵੇਖਾਂ,
ਕਿਵੇਂ ਬਲਦੀ ਦੁਪਹਿਰੇ ਸੁਰਖ਼ ਕੇਸੂ ਗੀਤ ਗਾਉਂਦਾ ਹੈ।

ਜ਼ਮਾਨਾ 'ਨਾਇਕ' ਤੋਂ ਪਹਿਲਾਂ ਤਾਂ ਜੀਵਨਦਾਨ ਹੈ ਲੈਂਦਾ,
ਤੇ ਮਗਰੋਂ ਚਾੜ੍ਹ ਫਾਂਸੀ, ਓਸ ਦੀ ਬਰਸੀ ਮਨਾਉਂਦਾ ਹੈ।

ਮੈਂ ਸਿੱਧਾ ਤੁਰ ਰਿਹਾਂ ਸੂਰਜ ਦੀ ਸੇਧੇ, ਵੇਖਣਾ ਚਾਹੁੰਨਾਂ,
ਮੇਰੇ ਪਰਛਾਵਿਆਂ ਬਿਨ ਕੌਣ ਮੇਰੇ ਮਗਰ ਆਉਂਦਾ ਹੈ।

*

ਗੁਲਨਾਰ- 92