ਪੰਨਾ:ਗੁਲਨਾਰ – ਗੁਰਭਜਨ ਗਿੱਲ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੇਖ ਲੈ ਦਿਲ ਦਾ ਸਮੁੰਦਰ ਵੇਖ ਲੈ।
ਕਿੰਨਾ ਕੁਝ ਹੈ, ਏਸ ਅੰਦਰ ਵੇਖ ਲੈ।

ਦਿਲ ਨਿਰੰਤਰ ਧੜਕਦਾ ਹੈ, ਜਿਸ ਜਗਹ,
ਬਿਨ ਇਮਾਰਤ ਤੋਂ ਉਹ ਮੰਦਰ ਦੇਖ ਲੈ।

ਮੈਂ ਵੀ ਨਾਰੋਵਾਲ ਨੂੰ ਹਾਂ ਤਰਸਦਾ,
ਤੂੰ ਵੀ ਆ, ਰਾਹੋਂ ਜਲੰਧਰ ਵੇਖ ਲੈ।

ਰਾਹਜ਼ਨ ਰਾਹਾਂ 'ਚ ਬਹਿ ਗਏ ਆਣ ਕੇ,
ਰਹਿਬਰੀ ਬਣਿਆ ਆਡੰਬਰ ਦੇਖ ਲੈ।

ਜੋ ਵੀ ਮਾਲਕ ਚਾਹ ਰਿਹਾ ਉਹ ਬੋਲਦੈ,
ਵਕਤ ਦੇ ਸਾਹਵੇਂ ਕਲੰਦਰ ਵੇਖ ਲੈ।

ਹੱਥ ਵੀ ਸ਼ੁਭ ਕਰਮ ਕਰਨੋਂ ਹਟ ਗਏ
ਪੈਰਾਂ ਨੂੰ ਗਰਜ਼ਾਂ ਦੇ ਜੰਦਰ ਵੇਖ ਲੈ।

ਬੇ ਜ਼ਮੀਰੇ ਮਾਣਦੇ ਨੇ ਡੋਲ਼ੀਆਂ,
ਕਲਯੁਗੀ ਕੋਝਾ ਸਵੰਬਰ ਦੇਖ ਲੈ।

*

ਗੁਲਨਾਰ- 99