ਸਮੱਗਰੀ 'ਤੇ ਜਾਓ

ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਬੁੱਢਾ: ਬਾਹਰ ਜਾਂਦੇ ਤਾਂ ਮੈਂ ਦੇਖਿਆ ਨਹੀਂ ਉਸਨੂੰ। ਹਾਂ, ਰਾਤ ਜ਼ਰੂਰ ਦੇਖਿਆ ਸੀ। ਬੜੇ ਖ਼ਰਾਬ ਮੂਡ 'ਚ ਸੀ।
ਬੇਰੰਜਰ: ਪਤਾ ਮੈਨੂੰ, ਕਾਹਤੋਂ; ਗ਼ਲਤੀ ਮੇਰੀ ਸੀ ਸਾਰੀ।
ਬੁੱਢਾ: ਸ਼ਾਇਦ ਉਹ ਦਰਵਾਜ਼ਾ ਖੋਲ੍ਹਣਾ ਨਹੀਂ ਚਾਹੁੰਦੇ ਤੁਹਾਨੂੰ। ਖੜਕਾਓ ਮੁੜ ਕੇ।
ਬੁੱਢੇ ਦੀ ਔਰਤ: ਜੇਨ ! ਕਿਹਦੇ ਨਾਲ ਗੱਪਾਂ ਮਾਰੀ ਜਾਂਦਾ, ਜੇਨ!
ਬੇਰੰਜਰ: (ਖੜਕਾਉਂਦਾ) ਜੇਨ।
ਬੁੱਢਾ: (ਪਤਨੀ ਨੂੰ) ਇੱਕ ਮਿੰਟ। ਆ ਰਿਹਾਂ ਵਈ... ਓ ਹੋ (ਦਰਵਾਜ਼ਾ ਬੰਦ ਕਰਦਾ ਹੈ।)
ਜੇਨ: (ਉਸੇ ਤਰ੍ਹਾਂ ਲੇਟੇ ਲੇਟੇ ਹੀ, ਖੁਰਦਰੀ ਜਿਹੀ ਆਵਾਜ਼ 'ਚ) ਕੀ ਹੈ ?
ਬੇਰੰਜਰ: ਮੈਂ ਹਾਂ ਜੇਨ ! ਮੈਂ ਆਇਆਂ...
ਜੇਨ: ਕੌਣ ?
ਬੇਰੰਜਰ: ਮੈਂ ਹਾਂ, ਬੇਰੰਜਰ। ਪਰੇਸ਼ਾਨ ਤਾਂ ਨਹੀਂ ਕਰ ਰਿਹਾ ਮੈਂ !
ਜੇਨ: ਓਹ ਤੇ ਤੂੰ ਏਂ, ਹੂੰ। ਆ ਜਾ !
ਬੇਰੰਜਰ: ਦਰਵਾਜ਼ਾ ਬੰਦ ਹੈ ਅੰਦਰੋਂ।
ਜੇਨ: ਓ ਇੱਕ ਮਿੰਟ, ਰੁਕ। (ਕਾਫ਼ੀ ਖ਼ਰਾਬ ਮੂਡ 'ਚ ਉੱਠਦਾ ਹੈ। ਉਸਨੇ ਹਰੇ ਰੰਗ ਦਾ ਪਜਾਮਾ ਪਾਇਆ ਹੋਇਆ ਹੈ, ਵਾਲ ਖਿੱਲਰੇ ਨੇ) ਆ ਰਿਹਾਂ.. ਬਸ.. (ਦਰਵਾਜ਼ਾ ਖੋਲ੍ਹਦਾ ਹੈ ਤੇ ਮੁੜ ਕੰਬਲ 'ਚ ਜਾ ਵੜਦਾ ਹੈ।) ਆ ਜਾ।
ਬੇਰੰਜਰ: (ਅੰਦਰ ਆਉਂਦੇ ਹੋਏ) ਹੈਲੋਂ ਜੇਨ!
ਜੇਨ: ਕੀ ਟਾਈਮ ਹੋ ਗਿਆ ? ਦਫ਼ਤਰ ਨਹੀਂ ਗਿਆ ਤੂੰ ?
ਬੇਰੰਜਰ: ਤੂੰ ਹਾਲੇ ਤਾਈਂ ਬਿਸਤਰੇ 'ਚ; ਤੂੰ ਦਫ਼ਤਰ ਨਹੀਂ ਆਇਆ ਇਸਲਈ...। ਸੌਰੀ, ਜੇ ਮੈਂ ਤੈਨੂੰ ਪਰੇਸ਼ਾਨ ਕਰ ਰਿਹਾਂ।
ਜੇਨ: (ਹਾਲੇ ਵੀ ਦੇਖ ਨਹੀਂ ਰਿਹਾ ਉਸ ਵੱਲ) ਨਹੀਂ, ਕੁਝ ਨਹੀਂ, ਬਸ ਤੇਰੀ ਅਵਾਜ਼ ਨਹੀਂ ਪਛਾਣੀ ਮੈਂ।
ਬੇਰੰਜਰ: ਮੈਨੂੰ ਵੀ ਤੇਰੀ ਅਵਾਜ਼ ਪਛਾਣ 'ਚ ਨਹੀਂ ਆਈ।
ਜੇਨ: (ਬਿਨਾਂ ਦੇਖਿਆਂ) ਬਹਿ ਜਾ
ਬੇਰੰਜਰ: ਠੀਕ ਨਹੀਂ ਤੂੰ ?
(ਜੇਨ ਘੁਰ ਘੁਰ ਜਹੀ ਕਰਦਾ ਹੈ।)
ਬੇਰੰਜਰ: ਜੇਨ, ਤੂੰ ਤਾਂ ਸਮਝਦੈਂ... ਐਵੇਂ ਬੇਵਕੂਫ਼ੀ ਸੀ ਮੇਰੀ, ਐਵੇਂ ਛੋਟੀ ਜਈ ਗੱਲ 'ਤੇ ਪਰੇਸ਼ਾਨ ਹੋ ਗਿਆ ਕੱਲ੍ਹ।
ਜੇਨ: ਕਿਹੜੀ ਛੋਟੀ ਜਿਹੀ ਗੱਲ ?
ਬੇਰੰਜਰ: ਕੱਲ੍ਹ।

68