ਸਮੱਗਰੀ 'ਤੇ ਜਾਓ

ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਹੈ।) ਹਾਂ, ਹੁਣ ਕੁਝ ਠੀਕ ਲੱਗ ਰਿਹਾ।
ਡਯੂਡਾਰਡ : ਮੇਰੀ ਅਵਾਜ਼ ਤਾਂ ਪਹਿਲੋਂ ਵਰਗੀ ਹੀ ਹੈ। ਮੈਂ ਤਾਂ ਤੇਰੀ ਝੱਟ ਪਛਾਣ ਲਈ ਸੀ।
ਬੇਰੰਜਰ: ਸੌਰੀ, ਮੈਨੂੰ ਲੱਗਾ ਕਿ..., ਹਾਂ ਤੁਸੀਂ ਸਹੀ ਹੋ, ਤੁਹਾਡੀ ਅਵਾਜ਼ ਤਾਂ ਬਿਲਕੁਲ ਨਾਰਮਲ ਹੈ। ਮੇਰੀ ਵੀ ਨਹੀਂ ਬਦਲੀ, ਹੈ ਨਾ ?
ਡਯੂਡਾਰਡ : ਬਦਲਗੀ ਕਿਉਂ ?
ਬੇਰੰਜਰ: ਮੈਨੂੰ ਲੱਗਿਆ... ਥੋੜ੍ਹੀ ਖੁਰਦਰੀ ਤਾਂ ਨਹੀਂ, ਹੋਗੀ?
ਡਯੂਡਾਰਡ : ਮੈਨੂੰ ਤਾਂ ਲੱਗਾ ਨਹੀਂ।
ਬੇਰੰਜਰ: ਫੇਰ ਤਾਂ ਠੀਕ ਹੈ। ਬੜਾ ਹੌਸਲਾ ਮਿਲਦਾ।
ਡਯੂਡਾਰਡ : ਕਿਉਂ, ਹੋਇਆ ਕੀ ਹੈ ਤੈਨੂੰ ?
ਬੇਰੰਜਰ: ਪਤਾ ਨਹੀਂ; ਪਤਾ ਲੱਗਦਾ ਕਿਤੇ ? ਅਵਾਜ਼ਾਂ ਅਚਾਨਕ ਬਦਲ ਸਕਦੀਆਂ, ਉਹ ਬਦਲ ਜਾਂਦੀਆਂ, ਝੱਟ ਹੀ।
ਡਯੂਡਾਰਡ : ਜ਼ੁਕਾਮ ਹੈ ਤੈਨੂੰ?
ਬੇਰੰਜਰ: ਲੱਗਦਾ ਤਾਂ ਨਹੀਂ, ਬਿਲਕੁਲ ਵੀ ਨਹੀਂ। ਤੁਸੀਂ ਬੈਠ ਜਾਓ, ਇਥੇ ਬੈਠੋ, ਆਰਾਮ-ਕੁਰਸੀ 'ਤੇ।
ਡਯੂਡਾਰਡ : (ਬੈਠਦੇ ਹੋਏ) ਕੀ ਹਾਲੇ ਵੀ ਦਰਦ ਹੈ ਇੱਥੇ ? (ਸਿਰ ਦੀ ਪੱਟੀ ਵੱਲ ਇਸ਼ਾਰਾ ਕਰਦਾ ਹੈ।)
ਬੇਰੰਜਰ: ਓ ਹਾਂ, ਦਰਦ ਤਾਂ ਹੈ। ਪਰ ਰੋੜ ਕੋਈ ਨਹੀਂ, ਕਿਤੇ ਵੱਜਿਆ ਵੀ ਨਹੀਂ..., ਲਗਦੈਂ ਤੁਹਾਨੂੰ ?
(ਉਹ ਪੱਟੀ ਚੁੱਕ ਕੇ ਡਯੂਡਾਰਡ ਨੂੰ ਦਿਖਾਉਂਦਾ ਹੈ।)
ਡਯੂਡਾਰਡ : ਨਹੀਂ, ਮੈਨੂੰ ਤਾਂ ਕੋਈ ਰੋੜ ਨਜ਼ਰ ਨਹੀਂ ਆਉਂਦਾ।
ਬੇਰੰਜਰ: ਉਮੀਦ ਹੈ ਕਦੇ ਹੋਵੇਗਾ ਵੀ ਨਹੀਂ। ਕਦੇ ਨਹੀਂ।
ਡਯੂਡਾਰਡ : ਜੇ ਤੁਸੀਂ ਕਿਤੇ ਟਕਰਾਏ ਨਹੀਂ, ਤਾਂ ਰੋੜ ਕਿਉਂ ਪਏਗਾ ?
ਬੇਰੰਜਰ: ਜੇ ਤੁਸੀਂ ਦਿਲੋਂ ਇਹ ਨਾ ਚਾਹੇਂ, ਤਾਂ ਤੁਸੀਂ ਕਦੇ ਨਹੀਂ ਟਕਰਾ ਸਕਦੇ ਕਿਤੇ।
ਡਯੂਡਾਰਡ : ਹਾਂ ਬਸ, ਥੋੜ੍ਹਾ ਖ਼ਿਆਲ ਰੱਖਣਾ ਪੈਂਦਾ। ਪਰ ਗੱਲ ਕੀ ਹੈ ? ਤੂੰ ਬੜਾ ਘਬਰਾਇਆ ਜਿਹਾ ਲਗਦੈਂ, ਪਰੇਸ਼ਾਨ ਵੀ..। ਮਾਈਗ੍ਰੇਨ ਕਰਕੇ ਹੋਏਗਾ। ਬਸ ਥੋੜ੍ਹਾ ਅਰਾਮ ਕਰੋ, ਸਭ ਠੀਕ ਹੋ ਜਾਏਗਾ।
ਬੇਰੰਜਰ: ਮਾਈਗ੍ਰੇਨ! ਨਹੀਂ ਉਸਦੀ ਗੱਲ ਨਾ ਕਰੋਂ ਮੇਰੇ ਨਾਲ! ਬਿਲਕੁਲ ਨਹੀਂ!
ਡਯੂਡਾਰਡ : ਮੈਂ ਸਮਝ ਸਕਦਾਂ ਤੁਹਾਡੀ ਹਾਲਤ; ਉਸ ਸਾਰੀ ਮਾਨਸਿਕ ਹਲਚਲ ਤੋਂ ਬਾਅਦ ਇਹ ਮਾਈਗ੍ਰੇਨ..
ਬੇਰੰਜਰ: ਮੇਰੇ ਦਿਮਾਗ਼ 'ਚੋਂ ਨਿਕਲ ਹੀ ਨਹੀਂ ਰਿਹਾ!

85