ਪੰਨਾ:ਚਤਰ ਬਾਲਕ - ਮੋਹਨ ਸਿੰਘ ਵੈਦ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚਾਰ ਇਹ ਹਨ ਕਿ ਸਤ ਵਰ੍ਹੇ ਦੀ ਉਮਰ ਤਕ ਬੱਚਿਆਂ ਨੂੰ ਸਕੂਲੇ ਬਿਲਕੁਲ ਨਹੀਂ ਭੇਜਣਾ ਚਾਹੀਦਾ। ਵਰਤਮਾਨ ਹਾਲਤਾਂ ਵਿਚ ਉੱਥੇ ਬੱਚਿਆਂ ਦੀ ਸ਼ਖ਼ਸੀਅਤ ਤੇ ਖੋਜ ਦਾ ਉਤਸ਼ਾਹ ਮਾਰੇ ਜਾਣ ਦਾ ਡਰ ਹੈ। ਇਸ ਉਮਰ ਤਕ ਉਸ ਦੀ ਸਿੱਖਿਆ ਘਰ ਵਿਚ ਹੀ ਹੋਣੀ ਚਾਹੀਦੀ ਹੈ ਤੇ ਉਸ ਨੂੰ ਨੱਚਣ ਕੁੱਦਣ ਤੇ ਖੇਡਣ ਮਲ੍ਹਣ ਲਈ ਖੁਲ੍ਹਾ ਸਮਾਂ ਮਿਲਣਾ ਚਾਹੀਦਾ ਹੈ। ਇਹ ਵੀ ਜ਼ਰੂਰੀ ਹੈ ਕਿ ਉਸ ਦੀ ਸਾਰੀ ਸਿੱਖਿਆ ਜ਼ਬਾਨੀ ਜ਼ਬਾਨੀ ਹੋਵੇ ਤੇ ਉਸ ਨੂੰ ਅੱਖਰ ਬੋਧ ਦੇ ਝਮੇਲੇ ਵਿੱਚ ਨਾ ਪਾਇਆ ਜਾਵੇ। ਜਿੱਥੋਂ ਤਕ ਹੋ ਸਕੇ, ਉਸ ਦੇ ਹੱਥਾਂ ਤੇ ਅੱਖਾਂ ਨੂੰ ਰੇਂਡ ਕੀਤਾ ਜਾਏ। ਉਸ ਨੂੰ ਵੱਡਿਆਂ ਆਦਮੀਆਂ ਦੇ ਜੀਵਨ ਸਮਾਚਾਰ ਤੇ ਹੋਰ ਕਥਾ ਕਹਾਣੀਆਂ ਸੁਣਾ ਕੇ ਉਦਮੀ, ਧੀਰਜਵਾਨ,, ਸਾਹਸੀ ਤੇ ਨਿਡਰ ਬਣਾਇਆ ਜਾਵੇ। ਤੇ ਫਿਰ ਸਭ ਤੋਂ ਵੱਡੀ ਗੱਲ ਇਹ ਕਿ ਉਸ ਦੀਆਂ ਪੁੱਛਾਂ ਦੇ ਸਹੀ ਸਹੀ ਉੱਤਰ ਦੇ ਕੇ ਉਸ ਦਾ ਗਿਆਨ ਵਧਾਇਆ ਜਾਵੇ।

ਅੰਮ੍ਰਿਤਸਰ, ੨੫ ਮਈ ੧੯੩੪]

ਲਾਲ ਸਿੰਘ ਗਿਆਨੀ