ਪੰਨਾ:ਚਾਰੇ ਕੂਟਾਂ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਤੇ ਦੇਗ ’ਚੋਂ ਦਾਣਾ ਟੋਹਣ ਵਾਲੀ ਗੱਲ ਹੈ। ਪੁਸਤਕ ਵਿਚ ਆਈਆਂ ਅਨੇਕਾਂ ਕਵਿਤਾਵਾਂ ਪਾਠਕਾਂ ਨੂੰ ਜ਼ਿੰਦਗੀ ਦੇ ਨਵੇਂ ਸੁਨੇਹੇ ਦੇਣਗੀਆਂ। ਥਾਂ ਦੀ ਥੁੜ ਕਰਕੇ ਏਥੇ ਬਹੁਤ ਕੁਝ ਨਹੀਂ ਦਸਿਆ ਜਾ ਸਕਦਾ।

'ਅਮਰ' ਇਕ ਸਮਾਜਵਾਦੀ ਝੁਕਾਵਾਂ ਵਾਲਾ ਕਵੀ ਹੈ। ਉਹ ਅਮਨ ਦਾ ਪੈਗਾਮ ਦੇਂਦਾ ਨਵੀਆਂ ਸਾਂਝਾਂ ਵਧਾਉਂਦਾ ਵਧੀ ਜਾ ਰਿਹਾ ਹੈ। ਉਸਨੂੰ ਆਪਣੇ ਵਧਣ ਉਤੇ ਮਾਣ ਵੀ ਹੈ। ਉਸ ਦੇ ਦਿਲ ਵਿਚ ਅਰਮਾਨ ਮਚਲ ਰਹੇ ਨੇ ਤੇ ਖਾਹਸ਼ਾਂ ਬਲਵਾਨ ਹੋ ਰਹੀਆਂ ਨੇ ਉਹ ਝੂਠ ਤੇ ਜਬਰ ਦੇ ਖਿਲਾਫ ਲੜਦਾ ਸਚ ਦੇ ਆਸਰੇ ਅਗੇ ਵਧਦਾ ਹੋਇਆ ਇਹ ਆਖ ਰਿਹਾ ਹੈ :-

ਅਜੇ ਮੈਂ ਸੇਧ ਆਪਣੀ ਤੇ ਨਿਸ਼ਾਨੇ ਹੋਰ ਲਾਉਣੇ ਨੇ।

ਅਜੇ ਮੈਂ ਜਿਤ ਆਪਣੀ ਦੇ ਤਰਾਨੇ ਹੋਰ ਗਾਉਣੇ ਨੇ।

ਪਰਮਾਤਮਾ 'ਅਮਰ' ਦੀ ਕਲਮ ਵਿਚ ਹੋਰ ਬਲ ਬਖਸ਼ੇ ਤਾਂ ਕਿ ਇਹ ਮਨੁੱਖਤਾ ਦੇ ਭਲੇ ਲਈ ਨਵੇਂ ਪੈਗਾਮ ਦੇ ਸਕੇ। ਮੇਰੀ ਪੰਜਾਬੀ ਪਾਠਕਾਂ ਪਾਸ ਬੇਨਤੀ ਹੈ ਕਿ ਉਹ ਸੰਤ ਸਿੰਘ 'ਅਮਰ' ਦੇ ਖਿਆਲਾਂ ਨੂੰ ਠੀਕ ਠੀਕ ਸਮਝਕੇ ਉਸਨੂੰ ਸ਼ੁਭ ਇਛਾਵਾਂ ਭੇਜਣ ਤਾਂ ਕਿ ਉਹ ਪੰਜਾਬੀ ਮਾਂ ਦੀ ਦਿਲੋਂ ਮਨੋਂ ਹੋ ਕੇ ਵਧ ਤੋਂ ਵਧ ਸੇਵਾ ਕਰ ਸਕੇ।


ਚੌਂਕ ਮੰਨਾ ਸਿੰਘ

ਅੰਮ੍ਰਿਤਸਰ

ਤਾਰਾ ਸਿੰਘ ‘ਕੋਮਲ’

੨੦-੨-੫੫

- ਈ ੮ -