ਪੰਨਾ:ਚਾਰੇ ਕੂਟਾਂ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੀ ਕਲਮ

ਆਪਣੀ ਕਲਮ ਤੇ ਮੈਂ ਆਪ, ਇਸ ਲਈ ਨਾਜ਼ ਕਰਦਾ ਹਾਂ।
ਹਵਾਲੇ ਏਸ ਦੇ ਮੈਂ ਆਪਣੇ, ਸਭ ਰਾਜ਼ ਕਰਦਾ ਹਾਂ।

ਮੈਨੂੰ ਏਸ ਦਾ ਸਦਕਾ, ਜ਼ਮਾਨਾ ਪਿਆਰ ਦਾ ਜਾਪੇ।
ਇਸ ਦੇ ਰੂ-ਬ-ਰੂ ਤਲਵਾਰ ਦਾ, ਯੁਗ ਹਾਰਦਾ ਜਾਪੇ।

ਮੇਰੀ ਇਹ ਖੁਸ਼ੀ ਦੀ ਸਾਥਣ, ਮੇਰਾ ਇਹ ਦਰਦ ਵੀ ਜਾਣੇ।
ਮੇਰੀ ਇਹ ਅੱਖ ਦੀ ਪਤਲੀ, ਮੇਰੇ ਨਾਲ ਖਾਕ ਵੀ ਛਾਣੇ।

ਇਹਦਾ ਹਰ ਚੁਕਿਆ ਡੋਬਾ, ਝਲਕ ਹੈ ਨਵੇਂ ਰੰਗਾਂ ਦੀ।
ਇਸ਼ਾਰਾ ਏਸ ਦਾ ਹੈ ਜ਼ਿੰਦਗੀ, ਨਵੀਆਂ ਉਮੰਗਾਂ ਦੀ।

ਇਹਨੇ ਖੂਹਾਂ ਦੀ ਖਟ ਖਟ ਨੂੰ, ਸਦਾ ਸੰਗੀਤ ਕਿਹਾ ਏ।
ਇਹਨੇ ਝਰਨੇ ਦੀ ਸਰ ਸਰ ਨੂੰ, ਮਿਲਣ ਦਾ ਗੀਤ ਕਿਹਾ ਏ।

ਇਹਨੇ ਬਾਗਾਂ ਦੇ ਸਰੂਆਂ ਨੂੰ, ਖੁਸ਼ੀ ਵਿਚ ਆਖਿਆ ਲਾੜੇ।
ਜਦੋਂ ਬੋਲੀ ਇਹ ਬਣ ਬਿਰਹਾ, ਕਿਹਾ ਕਣੀਆਂ ਨੂੰ ਚੰਗਿਆੜੇ।

- ੨੨ -