ਪੰਨਾ:ਚਾਰੇ ਕੂਟਾਂ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਤੇ ਇਸ ਬਣ ਕੇ ਜੌਹਰੀ ਪਰਖਿਆ, ਖੋਟੇ ਤੇ ਖਰਿਆਂ ਨੂੰ,
ਮਿਲਾਇਆ ਤਾਰਿਆਂ ਦੇ ਨਾਲ, ਇਸ ਮਿਟੀ ਦੇ ਜ਼ਰਿਆਂ ਨੂੰ।
ਕਿਹਾ ਇਸ ਆ ਗਿਆ ਸਾਵਣ, ਜਾਂ ਜ਼ੁਲਫਾਂ ਵੇਖੀਆਂ ਖੁਲ੍ਹੀਆਂ।
ਫੁੱਲਾਂ ਦੀ ਕਸਮ ਖਾਣੀ, ਸਿਖ ਲਈ ਇਸ ਵੇਖ ਕੇ ਬੁਲ੍ਹੀਆਂ।
ਬਣਾਂ ਚੋਂ ਹਰਨੀਆਂ ਸਦੀਆਂ ਕਿਸੇ ਦੀਆਂ ਵੇਖ ਕੇ ਅਖੀਆਂ।
ਕਿਸੇ ਦੀ ਕਮਰ ਸਾਹਵੇਂ ਏਸ ਨੇ ਗੰਦਲਾਂ ਝੁਕਾ ਰਖੀਆਂ।

... ... ... ... ... ... ... ...


ਇਹਨੇ ਇਤਿਹਾਸ ਦੇ ਵਲ ਜੇ ਕਦੇ ਫੇਰੀ ਨਿਗਾਹ ਆਪਣੀ।
ਖਲੋ ਕੇ ਵਿਚ ਚੁਰਾਹੇ ਦੇ, ਚੁਣੀ ਹੈ ਫੇਰ ਰਾਹ ਆਪਣੀ।
ਜਗਾਏ ਜਲ੍ਹਿਆਂ ਵਾਲੇ ਨੇ ਹੁਣ ਅਰਮਾਨ ਨੇ ਇਹਦੇ।
ਨਵੇਂ ਮਜ਼ਮੂਨ ਨੇ ਇਹਦੇ ਨਵੇਂ ਅਨੁਮਾਨ ਨੇ ਇਹਦੇ।
ਹੈ ਝੂਟੈ ਦਾਰ ਉਤੇ ਲੈਂਦਿਆਂ, ਸਰਦਾਰ ਨੂੰ ਤਕਿਆ।
ਹਜਾਰਾਂ ਦੇਸ ਭਗਤਾਂ ਦੇ, ਅਨੋਖੇ ਪਿਆਰ ਨੂੰ ਤਕਿਆ।
ਇਸ ਨੇ ਸੰਨ ਸੰਤਾਲੀ ਦੇ, ਸਾਕੇ ਵੇਖ ਲਏ ਸਾਰੇ।
ਦੁਪੈਹਰੇ ਏਸ ਨੇ ਵੇਖੇ, ਅਰਸ਼ ਤੋਂ ਟੁਟਦੇ ਤਾਰੇ।

... ... ... ... ... ... ... ...


ਜਦੋਂ ਦਾ ਹੋ ਗਿਆ ਟੁਕੜੇ, ਵਤਨ ਨੂੰ ਜੋੜਨਾ ਚਾਹੁੰਦੀ।
ਇਹ ਤਣਿਆ ਸਾਜ਼ਸ਼ਾਂ ਦਾ, ਜਾਲ ਹਰ ਥਾਂ ਤੋੜਨਾ ਚਾਹੁੰਦੀ।
ਇਹ ਚਾਹੁੰਦੀ ਪਿੰਡਿਆਂ ਤੋਂ, ਪਾਟੀਆਂ ਮੁੜ ਸੀਊਣੀਆਂ ਲੀਰਾਂ।
ਇਹ ਚਾਹੁੰਦੀ ਭਰੇ ਨੈਣਾਂ ਨੂੰ, ਗਲੇ ਲਾ ਦੇਣੀਆਂ ਧੀਰਾਂ।
ਇਹ ਪਾਉਣਾ ਚਾਹ ਰਹੀ, ਗਲਵਕੜੀ ਨਵਿਆਂ ਪਿਆਰਾਂ ਨੂੰ।
ਸੁਨੇਹਾ ਚਾਹ ਰਹੀ ਦੇਣੇ, ਕਈ ਨਵੀਆਂ ਬਹਾਰਾਂ ਨੂੰ।
ਇਹਨੂੰ ਲਹਿਰਾਂ ਨੇ ਆਪਣੀ, ਕੁੱਖ ਚੋਂ ਤੁਫਾਨ ਦਿਤੇ ਨੇ।
ਇਹਨੂੰ ਮਜ਼ਦੂਰ ਤੇ ਕਿਰਸਾਨ ਨੇ ਅਨੁਵਾਨ ਦਿਤੇ ਨੇ।

- ੨੩ -