ਪੰਨਾ:ਚਾਰੇ ਕੂਟਾਂ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਥਰ ਮੋਮ ਕੀਤੇ ਛੇੜਖਾਨੀਆਂ ਨੇ,
ਨਜ਼ਰ ਮੌਤ 'ਚੋਂ ਜ਼ਿੰਦਗੀ ਆਉਣ ਲੱਗੀ।
ਢੋਲੇ ਮੋਰ ਪਵਾਏ ਜੇ ਪੱਟ ਉਤੇ,
ਸਮੀਂ ਸੋਨੇ ਦੇ ਦੰਦ ਲਵਾਉਣ ਲੱਗੀ।

ਡਾਂਗਾਂ ਸ਼ੌਂਕੀਆਂ ਦੇ ਹਥੋਂ ਡਿੱਗ ਪਈਆਂ,
ਵੇਖ ਲਡੂਆਂ ਦਾ ਸ਼ੌਂਕਣ ਭਾ ਪੁਛਦੀ।
ਬਕਰੇ ਬੋਲਦੇ ਸੁਣ ਸ਼ਰੀਕਿਆਂ ਦੇ,
ਅਣਖ ਠੇਕੇ ਨੂੰ ਜਾਣ ਦਾ ਰਾਹ ਪੁਛਦੀ।

ਹਟੀ ਵਾਲਿਆਂ ਦੀ ਚਾਂਦੀ ਹੋਣ ਲੱਗੀ,
ਸ਼ੀਸ਼ੇ, ਕੰਘੀਆਂ, ਸੁਰਮੇ, ਦੰਦਾਸਿਆਂ ਤੋਂ।
ਇੰਦਰਪੁਰੀ ਦੇ ਨਾਚ ਨੇ ਰੰਗ ਬੱਧਾ,
ਵੰਗਾਂ ਛਣਕ ਪਈਆਂ ਚਵ੍ਹਾਂ ਪਾਸਿਆਂ ਤੋਂ।
ਜਾਨਾਂ ਦੇਣ ਲਈ ਕਈ ਤਿਆਰ ਹੋ ਗਏ,
ਸੈਨਤ ਪਾ ਕੇ ਹਾਣ ਦੇ ਹਾਸਿਆਂ ਤੋਂ।
ਲਹਿਰੀ ਚੁੰਨੀਆਂ ਤੇ ਤੁਰੇੱਦਾਰ ਪੱਗਾਂ,
ਵਟੀਆਂ ਚਾਦਰਾਂ ਅਤੇ ਮੜਾਸਿਆਂ ਤੋਂ।

ਮਿੱਟੀ ਨਾਲ ਮਿਟੀ ਹੁੰਦਾ ਰਿਹਾ ਜਿਹੜਾ,
ਓਸ ਚੰਨ ਨੂੰ ਪੂਜਿਆ ਤਾਰਿਆਂ ਨੇ।
ਫਲ ਲੱਗੇ ਨੇ ਸਾਡੀਆਂ ਮਿਹਨਤਾਂ ਨੂੰ,
ਗੀਤ ਛੋਹ ਲਏ ਨੇ ਰਲ ਕੇ ਸਾਰਿਆਂ ਨੇ।

ਵਸ ਪੰਜਾਂ ਦਰਿਆਵਾਂ ਦੀ ਧਰਤੀਏ ਨੀ,
ਤੈਨੂੰ ਜਾਨ ਤੋਂ ਵਧ ਪਿਆਰਦੇ ਹਾਂ।
'ਬੁਲ੍ਹੇ' 'ਵਾਰਸਾਂ' 'ਹਾਸ਼ਮਾਂ' 'ਕਾਦਰਾਂ' ਦੀ,
ਸੋਹਣੀ ਲਿਖਤ ਉਤੋਂ ਜਾਨਾਂ ਵਾਰਦੇ ਹਾਂ।

-੫੩-